ਡੀਪੀਐੱਸ ਬੱਤਰਾ
ਸਮਰਾਲਾ, 4 ਮਈ
ਸੂਬੇ ਦੇ ਲੋੜਵੰਦ ਅਤੇ ਬੇਘਰੇ ਪਰਿਵਾਰਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਰਾਹੀ 5-5 ਮਰਲੇ ਦੇ ਮੁਫ਼ਤ ਪਲਾਟ ਦੇਣ ਦੀ ਸਰਕਾਰੀ ਯੋਜਨਾ ਤਹਿਤ ਪਿੰਡ ਘੁੰਗਰਾਲੀ ਸਿੱਖਾਂ ਦੇ ਕਈ ਪਰਿਵਾਰਾਂ ਦੀਆਂ ਔਰਤਾਂ ਨੇ ਅੱਜ ਬੀਡੀਪੀਓ ਸਮਰਾਲਾ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਉਨ੍ਹਾਂ ਨਾਲ ਪੱਖਪਾਤ ਕੀਤੇ ਜਾਣ ਦੇ ਦੋਸ਼ ਲਗਾਏ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਧਰਨਾਕਾਰੀ ਔਰਤਾਂ ਨੇ ਕਥਿਤ ਤੌਰ ’ਤੇ ਇਹ ਦੋਸ਼ ਵੀ ਲਗਾਏ ਕਿ ਉਨ੍ਹਾਂ ਦੇ ਪਿੰਡ ਵਿੱਚ ਜਿਹੜੀ ਅਲਾਟਮੈਂਟ ਕੀਤੀ ਗਈ ਹੈ, ਉਸ ਵਿੱਚ ਗੜਬੜੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲੋੜਵੰਦ ਹੋਣ ਦੇ ਬਾਵਜੂਦ ਵੀ ਇਸ ਸਕੀਮ ਵਿੱਚ ਸ਼ਾਮਲ ਨਹੀਂ ਕੀਤੇ ਗਏ, ਜਦਕਿ ਉਨ੍ਹਾਂ ਨਾਲ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲਿਖਤੀ ਸ਼ਿਕਾਇਤ ਵੀ ਅਧਿਕਾਰੀਆਂ ਨੂੰ ਦਿੱਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਪਿੰਡ ਦੀ ਮੌਜੂਦਾ ਮਹਿਲਾ ਪੰਚ ਗੁਰਪ੍ਰੀਤ ਕੌਰ ਨੇ ਵੀ ਅਲਾਟਮੈਂਟ ਵਿੱਚ ਪੱਖਪਾਤ ਸਮੇਤ ਅਧਿਕਾਰੀਆਂ ਅਤੇ ਪੰਚਾਇਤ ’ਤੇ ਕਈ ਹੋਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ, ਉਹ ਪਿੰਡ ਦੀਆਂ ਔਰਤਾਂ ਨੂੰ ਨਾਲ ਲੈ ਕੇ ਕਈ ਵਾਰ ਬੀਡੀਓ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਅੰਮ੍ਰਿਤ ਕੌਰ, ਜਰਨੈਲ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਹਰਮੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ ਅਤੇ ਅਮਨਪ੍ਰੀਤ ਕੌਰ ਸ਼ਾਮਲ ਸਨ। ਉਧਰ ਦੂਜੇ ਪਾਸੇ ਦਫ਼ਤਰ ਵਿੱਚ ਮੌਜੂਦ ਪੰਚਾਇਤ ਅਫ਼ਸਰ ਹਰਜੀਤ ਸਿੰਘ ਨੇ ਵਿਭਾਗ ਦਾ ਪੱਖ ਰੱਖਦੇ ਹੋਏ ਦੱਸਿਆ ਕਿ, ਪਲਾਟਾਂ ਦੀ ਅਲਾਟਮੈਂਟ ਵਿੱਚ ਕੋਈ ਗੜਬੜੀ ਨਹੀਂ ਹੋਈ ਹੈ। ਬਾਕਾਇਦਾ ਗ੍ਰਾਮ ਪੰਚਾਇਤ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ ਲਈ ਮਤਾ ਪਾਸ ਕੀਤਾ ਸੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਕਮੇਟੀ ਨੇ ਸਾਰੀ ਪੜਤਾਲ ਮਗਰੋਂ ਹੀ ਇਹ 5-5 ਮਰਲੇ ਦੇ ਪਲਾਟ ਪਿੰਡ ਦੇ 13 ਪਰਿਵਾਰਾਂ ਨੂੰ ਅਲਾਟ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਅਲਾਟਮੈਂਟ ਵਿੱਚ ਗੜਬੜੀ ਦਾ ਸ਼ੱਕ ਹੈ, ਤਾਂ ਉਹ ਪੜਤਾਲ ਲਈ ਸ਼ਿਕਾਇਤ ਦੇਵੇ, ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।