ਦੇਵਿੰਦਰ ਸਿੰਘ ਜੱਗੀ
ਪਾਇਲ, 19 ਅਗਸਤ
ਖੇਤੀ ਖ਼ੇਤਰ ਦੇ ਆਰਡੀਨੈਂਸਾਂ ਖ਼ਿਲਾਫ਼ ਤੇ 25 ਤੋਂ 29 ਅਗਸਤ ਤੱਕ ਪਿੰਡਾਂ ਵਿੱਚ ਧਰਨਿਆਂ ਨੂੰ ਸਫ਼ਲ ਬਣਾਉਣ ਲਈ ਪਿੰਡ ਘੁਡਾਣੀ ਕਲਾਂ ਵਿਚ ਔਰਤਾਂ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਰਵਨਦੀਪ ਸਿੰਘ ਘਲੋਟੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਰੋਨਾ ਦੀ ਓਟ ਹੇਠ ਆਰਡੀਨੈਂਸ ਲਿਆ ਕੇ ਕਿਸਾਨ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰ ਕੇ ਨਿੱਜੀ ਕੰਪਨੀਆਂ ਤੇ ਕਾਰਪੋਰੇਟਾਂ ਨੂੰ ਸੌਂਪਿਆ ਜਾ ਰਿਹਾ ਹੈ। ਇਸ ਤਹਿਤ ਫ਼ਸਲਾਂ ਨੂੰ ਮੰਡੀਆਂ ਵਿੱਚ ਰੋਲਿਆ ਜਾਵੇਗਾ ਤੇ ਕਿਸਾਨਾਂ ਨੂੰ ਫ਼ਸਲਾਂ ਘੱਟ ਭਾਅ ’ਤੇ ਵੇਚਣ ਲਈ ਮਜਬੂਰ ਹੋਣਾ ਪਵੇਗਾ, ਕੰਪਨੀਆਂ ਘੱਟ ਭਾਅ ’ਤੇ ਖ਼ਰੀਦ ਕਰ ਕੇ ਮਹਿੰਗੇ ਭਾਅ ਊੱ ਵੇਚ ਕੇ ਲੁੱਟ ਕਰਨਗੀਆਂ। ਠੇਕਾ ਖੇਤੀ ਨਾਲ ਕਿਸਾਨਾਂ ਨੂੰ ਜ਼ਮੀਨਾਂ ’ਚੋਂ ਬਾਹਰ ਕੱਢਿਆ ਜਾਵੇਗਾ, ਬਿਜਲੀ ਬਿੱਲ 2020 ਨਾਲ ਮੋਟਰਾਂ ਦੇ ਬਿੱਲ ਲਾਏ ਜਾਣਗੇ ਤੇ ਮੁਫ਼ਤ ਬਿਜਲੀ ਨੂੰ ਖ਼ਤਮ ਕੀਤਾ ਜਾਵੇਗਾ। ਬਿਜਲੀ ਮਹਿੰਗੀ ਹੋਣ ਕਾਰਨ ਆਮ ਇਨਸਾਨ ਦੀ ਪਹੁੰਚ ਤੋਂ ਦੂਰ ਜਾਵੇਗੀ, ਆਰਡੀਨੈਂਸ ਦੇ ਹਮਾਇਤੀ ਉਮੀਦਵਾਰਾਂ ਦਾ ਪਿੰਡਾਂ ਦੀਆਂ ਸੱਥਾਂ ਵਿੱਚ ਘਿਰਾਓ ਕੀਤਾ ਜਾਵੇਗਾ ਤੇ ਸਵਾਲ ਪੁੱਛੇ ਜਾਣਗੇ। ਆਗੂਆਂ ਵੱਲੋਂ ਅਪੀਲ ਕੀਤੀ ਗਈ ਕਿ ਉਹ 5 ਦਿਨਾਂ ਦੇ ਧਰਨਿਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
ਕਿਸਾਨੀ ਮਸਲਿਆਂ ’ਤੇ ਬੀਕੇਯੂ ਦੀ ਮੀਟਿੰਗ
ਖੰਨਾ (ਜੋਗਿੰਦਰ ਸਿੰਘ ਓਬਰਾਏ): ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਮੀਆਂਪੁਰ) ਦੀ ਇਕੱਤਰਤਾ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਗਰੇਵਾਲ ਨੇ ਕਿਹਾ ਕਿ ਸਮੇਂ ਸਿਰ ਯੂਰੀਆ ਉਪਲੱਬਧ ਨਾ ਕਰਵਾਉਣਾ ਸਰਕਾਰ ਦੀ ਅਣਗਹਿਲੀ ਸਿੱਧ ਕਰਦਾ ਹੈ। ਊਨ੍ਹਾਂ ਕਿਹਾ ਕਿ ਜੇ ਝੋਨੇ ‘ਚ ਯੂਰੀਆ ਸਮੇਂ ਸਿਰ ਨਾ ਪਾਇਆ ਤਾਂ ਝਾੜ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਕੀੜੇਮਾਰ ਦਵਾਈਆਂ ਦੀ ਘਾਟ ਦਿਖਾ ਕੇ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਇਸ ਮੌਕੇ ਨਿਰਮਲ ਸਿੰਘ ਬੈਨੀਪਾਲ ਨੇ ਕਿਹਾ ਕਿ ਕਿਸਾਨਾਂ ਦਾ ਸਹਾਇਕ ਧੰਦਾ ਦੁੱਧ ਹੈ, ਜਿਸ ਦਾ ਸਹੀ ਭਾਅ ਨਾ ਮਿਲਣ ਕਾਰਨ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਵੇਰਕਾ ਫੀਡ ਦਾ ਪੁਰਾਣਾ ਮਾਲ ਨਾ ਨਿਕਲਣ ਕਾਰਨ ਉਸ ਨੂੰ ਦੁਬਾਰਾ ਡੋਜ਼ ਵਧਾ ਕੇ ਤਿਆਰ ਕੀਤਾ ਜਾ ਰਿਹਾ ਹੈ, ਜੋ ਪਸ਼ੂਆਂ ਲਈ ਹਾਨੀਕਾਰਕ ਹੈ। ਇਸ ਨਾਲ ਪਿਛਲੇ ਦਿਨੀਂ ਪਿੰਡ ਦਹੇੜੂ ਵਿਚ 43 ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਸਰਕਾਰ ਨੂੰ ਮੰਗਾਂ ਪੂਰੀਆਂ ਨਾ ਹੋਣ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।