ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਜਨਵਰੀ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਚੱਲ ਰਹੇ ਮੋਰਚੇ ਵਿਚ ਸ਼ਮੂਲੀਅਤ ਲਈ ਪੰਜਾਬ ਦੀਆਂ ਬੀਬੀਆਂ ਹੁਣ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਵੱਲ ਵਹੀਰਾਂ ਘੱਤਣਗੀਆਂ। ਬੀਬੀਆਂ ਨੇ ਖੇਤੀ ਕਾਨੂੰਨਾਂ ਦੀ ਗਾਥਾ ਹਰ ਘਰ ਦੇ ਚੁੱਲ੍ਹੇ ਤੱਕ ਲਿਜਾਣ ਦੀ ਤਿਆਰੀ ਵਿੱਢ ਦਿੱਤੀ ਹੈ। ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਕਈ ਦਿਨਾਂ ਤੋਂ ਮੋਰਚਾ ਮੱਲ ਕੇ ਬੈਠੀਆਂ ਪ੍ਰਦਰਸ਼ਨਕਾਰੀ ਬੀਬੀਆਂ ਨੇ ਅੱਜ ਐਲਾਨ ਕੀਤਾ ਉਹ ਵੱਡੀ ਗਿਣਤੀ ਵਿਚ ਦਿੱਲੀ ਮੋਰਚੇ ’ਚ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਓਨਾ ਸਮਾਂ ਕਿਰਤੀਆਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਖੇਤੀ ਕਾਨੂੰਨ ਵਾਪਸ ਕਰਵਾਉਣ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਵਿਰੁੱਧ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵੱਡੀ ਗਿਣਤੀ ਔਰਤਾਂ ਨੇ ਨਾਅਰੇਬਾਜ਼ੀ ਕੀਤੀ। ਪਿਛਲੇ ਕਈ ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਵੱਲੋਂ ਜਾਰੀ ਘੇਰਾਬੰਦੀ ਦੀ ਅਗਵਾਈ ਡਾ. ਜਸਵੀਰ ਕੌਰ ਜੋਧਾਂ, ਗੁਰਿੰਦਰ ਕੌਰ ਗੁੱਜਰਵਾਲ, ਪੁਸ਼ਪਿੰਦਰ ਕੌਰ ਘੁੰਗਰਾਣਾ, ਹਰਜਿੰਦਰ ਕੌਰ ਜੜਤੌਲੀ ਅਤੇ ਸਿਮਰਜੀਤ ਕੌਰ ਰੱਤੋਵਾਲ ਨੇ ਕੀਤੀ।
ਹੋਰਨਾਂ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਪ੍ਰੋ. ਸੁਰਿੰਦਰ ਕੌਰ, ਡਾ. ਕਮਲ ਰਤਨ, ਚਰਨਜੀਤ ਕੌਰ ਲਤਾਲਾ, ਗੁਰਮੀਤ ਕੌਰ ਚਮਿੰਡਾ, ਪ੍ਰੋ. ਪਰਮਜੀਤ ਕੌਰ, ਨਵਕਿਰਨਪ੍ਰੀਤ ਕੌਰ ਨਾਰੰਗਵਾਲ, ਪਰਮਜੀਤ ਕੌਰ ਡੇਹਲੋ, ਰਵਿੰਦਰਜੀਤ ਕੌਰ ਗਰੇਵਾਲ਼, ਕਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੰਗਕਰਮੀ ਪ੍ਰੋ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨੇ ਦਰਸ਼ਕਾਂ ਦਾ ਜੋਸ਼ ਵਧਾਇਆ।
ਰੇਲਵੇ ਸਟੇਸ਼ਨ ਦੇ ਬਾਹਰ ਧਰਨਾ 103ਵੇਂ ਦਿਨ ’ਚ ਸ਼ਾਮਲ
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ 103ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਜਾਰੀ ਹੈ। ਭੁੱਖ ਹੜਤਾਲ ਦੇ 55ਵੇਂ ਦਿਨ ਬੈਠੇ ਰਛਪਾਲ ਸਿੰਘ, ਸਤਨਾਮ ਸਿੰਘ ਰੋਹਣੋਂ ਅਤੇ ਦਰਸ਼ਨ ਸਿੰਘ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਅੱਜ ਇਥੇ ਕਿਸਾਨ ਆਗੂਆਂ ਵੱਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਗੁਰਦੀਪ ਸਿੰਘ ਭੱਟੀ ਤੇ ਕਸ਼ਮੀਰਾ ਸਿੰਘ ਨੇ ਕਿਸਾਨਾਂ ਨੂੰ ਦਿੱਲੀ ਵਿਚ 26 ਜਨਵਰੀ ਨੂੰ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਆਗੂਆਂ ਨੇ ਕਿਹਾ ਕਿ 20 ਜਨਵਰੀ ਨੂੰ ਪੁਲੀਸ ਜ਼ਿਲ੍ਹਾ ਖੰਨਾ ਅਧੀਨ ਆਉਂਦੇ ਪਿੰਡਾਂ ਦੇ ਕਿਸਾਨ ਟਰੈਕਟਰਾਂ ਸਣੇ ਦਿੱਲੀ ਨੂੰ ਰਵਾਨਾ ਹੋਣਗੇ। ਇਸ ਮੌਕੇ ਸ੍ਰੀ ਬੈਨੀਪਾਲ ਨੇ ਕਿਹਾ ਕਿ ਜਾਗਰੂਕ ਕਿਸਾਨ ਕੇਂਦਰ ਸਰਕਾਰ ਅੱਗੇ ਝੁਕਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਪਰ ਕੇਂਦਰ ਸਰਕਾਰ ਨੂੰ ਕਾਰਪੋਰੇਟਾਂ ਦਾ ਫ਼ਿਕਰ ਹੈ। ਕਿਸਾਨ ਅੰਦੋਲਨ ਇਕ ਵਿਸ਼ਾਲ ਰੋਸ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਅੱਗੇ ਮੋਦੀ ਸਰਕਾਰ ਨੂੰ ਝੁੱਕਣਾ ਹੀ ਪਵੇਗਾ।