ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਫਰਵਰੀ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਵਾਮਾ ਦੇ ਸ਼ਹੀਦਾਂ ਦੀ ਸ਼ਹਾਦਤ ਲਈ ਜ਼ਿੰਮੇਵਾਰਾਂ ਦਾ ਅਸਲ ਚਿਹਰਾ ਲੋਕਾਂ ਵਿਚ ਨੰਗਾ ਕਰਨ ਲਈ ਕਿਰਤੀ ਲੋਕ ਸ਼ਹਾਦਤ ਦਿਵਸ ਮੌਕੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਗੇ। ਪੁਲਵਾਮਾ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ 14 ਫਰਵਰੀ ਨੂੰ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਮਬੱਤੀ ਮਾਰਚ ਕਰ ਕੇ ਸ਼ਰਧਾਂਜਲੀਆਂ ਭੇਟ ਕਰਨ ਲਈ ਤਿਆਰੀਆਂ ਜਾਰੀ ਹਨ।
ਧਰਨੇ ਦੀ ਅਗਵਾਈ ਰਜਿੰਦਰ ਕੌਰ, ਜਰਨੈਲ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ। ਲੋਕ ਗਾਇਕ ਭੂਰਾ ਗੁੱਜਰਵਾਲੀਆ ਨੇ ਇਨਕਲਾਬੀ ਗੀਤਾਂ ਰਾਹੀਂ ਧਰਨੇ ਵਿੱਚ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਗਤਾਰ ਸਿੰਘ ਚਕੋਹੀ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਕਾਮਰੇਡ ਪੂਰਨ ਸਿੰਘ ਨਾਰੰਗਵਾਲ, ਕੁਲਜੀਤ ਕੌਰ ਗਰੇਵਾਲ਼, ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਕਿਸਾਨ-ਮਜ਼ਦੂਰ ਸੰਘਰਸ਼ ਵਿਚ ਦੇਸ਼ ਦਾ ਹਰ ਵਰਗ ਸ਼ਾਮਲ ਹੋ ਰਿਹਾ ਹੈ। ਦਿਨ-ਬ-ਦਿਨ ਮੋਰਚਿਆਂ ’ਤੇ ਇਕੱਠ ਵਧਦਾ ਜਾ ਰਿਹਾ ਹੈ। ਅੱਜ ਅਗਵਾੜ ਲੋਪੋ ਤੋਂ ਲੋਕ ਆਗੂ ਗੁਰਪ੍ਰੀਤ ਕੌਰ ਧਾਲੀਵਾਲ ਦੀ ਅਗਵਾਈ ’ਚ ਬੀਬੀਆਂ ਅਤੇ ਬੱਚੀਆਂ ਦਾ ਵੱਡਾ ਜਥਾ ਰੋਸ ਮਾਰਚ ਕਰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਰੇਲਵੇ ਪਾਰਕ ਸੰਘਰਸ਼ੀ ਪਿੜ ਵਿਚ ਸ਼ਾਮਿਲ ਹੋਇਆ।
ਧਰਨੇ ਵਿਚ ਪਹਿਲਾਂ ਤੋਂ ਬੈਠੇ ਕਿਸਾਨਾਂ-ਮਜ਼ਦੂਰਾਂ ਨੇ ਏਕਤਾ ਦੇ ਨਾਅਰੇ ਲਗਾ ਕੇ ਉਨ੍ਹਾਂ ਦੇ ਹੌਸਲੇ ਦੀ ਦਾਦ ਦਿੱਤੀ। ਯਾਦ ਰਹੇ ਪਿਛਲੇ 136 ਦਿਨਾਂ ਤੋਂ ਰੇਲਵੇ ਸਟੇਸ਼ਨ ਧਰਨਾ ਦਿਨ-ਰਾਤ ਨਿਰੰਤਰ ਜਾਰੀ ਹੈ। ਭੁੱਖ ਹੜਤਾਲ ’ਤੇ ਬੈਠਣ ਵਾਲੇ ਕਿਸਾਨ ਜਗਦੀਸ਼ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ, ਬਲਬੀਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦੇਸ਼ ਨੂੰ ਡੋਬਣ ਅਤੇ ਵੇਚਣ ਵਾਲੀਆਂ ਹਨ, ਉਨ੍ਹਾਂ ਇਸ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਕੁਲਦੀਪ ਗੁਰੂਸਰ, ਐਡਵੋਕੇਟ ਰਜਨਦੀਪ ਕੌਰ, ਜਸਵੰਤ ਚੂਹੜਚੱਕ ਆਦਿ ਨੇ ਆਖਿਆ ਕਿ ਜਦੋਂ ਤਕ ਕੇਂਦਰ ਸਰਕਾਰ ਲੋਕ ਮਾਰੂ ਖੇਤੂ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤਕ ਲੋਕਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਇਕੱਲੇ ਕਿਸਾਨ ਹੀ ਨਹੀਂ ਬਲਕਿ ਜਨਤਕ ਵੰਡ ਪ੍ਰਣਾਲੀ ਰਾਹੀਂ ਰੋਟੀ ਖਾਣ ਵਾਲੇ ਗ਼ਰੀਬ ਲੋਕ ਵਿਚ ਇਨ੍ਹਾਂ ਕਾਨੂੰਨਾਂ ਦਾ ਸ਼ਿਕਾਰ ਹੋਣਗੇ। ਉਨ੍ਹਾਂ ਨੌਦੀਪ ਕੌਰ ਅਤੇ ਹੋਰ ਕਿਸਾਨ ਜਿਹੜੇ ਸਰਕਾਰ ਨੇ ਜੇਲ੍ਹਾਂ ਵਿਚ ਡੱਕੇ ਹੋਏ ਹਨ, ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।
ਚੌਂਕੀਮਾਨ ਟੌਲ ਪਲਾਜ਼ੇ ਤੇ ਚੱਲ ਰਹੇ ਪੱਕੇ ਧਰਨੇ ਵਿਚ ਕਿਸਾਨਾਂ-ਮਜ਼ਦੂਰਾਂ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਵਤਾਰ ਰਸੂਲਪੁਰ ਪੇਂਡੂ ਮਜ਼ਦੂਰ ਯੂਨੀਅਨ, ਸਤਨਾਮ ਮੋਰਕਰੀਮਾਂ, ਕਾਮਾਗਾਟਾ ਮਾਰੂ ਜਥੇਬੰਦੀ ਦੇ ਆਗੂ ਜਸਦੇਵ ਸਿੰਘ ਲਲਤੋਂ, ਬਲਦੇਵ ਸਿੰਘ, ਪਰਮਜੀਤ ਸਿੰਘ ਸਿੱਧਵਾਂ ਕਾਲਜ, ਆਤਮਾ ਸਿੰਘ ਅਤੇ ਮੁਕੰਦ ਸਿੰਘ ਮਾਨ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਅੰਨਦਾਤੇ ਨੂੰ ਮਹੀਨਿਆਂ ਤੋਂ ਸੜਕਾਂ ਤੇ ਰੇਲਵੇ ਲਾਈਨਾਂ ਉਪਰ ਰੋਲਣ ਦਾ ਪਾਪ ਕੀਤਾ ਹੈ। ਉਪਰੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ-ਮਜ਼ਦੂਰਾਂ ਜਿਨ੍ਹਾਂ ’ਚ ਬਜ਼ੁਰਗ, ਬੀਬੀਆਂ ਅਤੇ ਬੱਚੇ ਸ਼ਾਮਿਲ ਹਨ, ਨੂੰ ਕੜਾਕੇ ਦੀ ਠੰਢ ’ਚ ਠਰਨ ਲਈ ਮਜਬੂਰ ਕੀਤਾ ਹੈ। ਮੋਦੀ ਸਰਕਾਰ ਨੇ ਤਾਨਾਸ਼ਾਹੀ ਵਰਗਾ ਵਿਹਾਰ ਕਰਦਿਆਂ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਅਣ-ਮਨੁੱਖੀ ਵਤੀਰਾ ਅਪਣਾਉਂਦੇ ਹੋਏ ਉਸ ਉੱਪਰ ਜੁਲਮ ਢਾਹੇ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪੁਲਵਾਮਾ ਦੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਲਕੇ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਮੋਮਬੱਤੀ ਮਾਰਚ ਸਬੰਧੀ ਨੇੜਲੇ ਪਿੰਡ ਫੇਰੂਰਾਈਂ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ 14 ਫਰਵਰੀ ਨੂੰ ਪੁਲਵਾਮਾ ’ਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਖ-ਵੱਖ ਪਿੰਡਾਂ ਵਿੱਚ ਮੋਮਬੱਤੀ ਮਾਰਚ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਰੋਸ ਵਜੋਂ 18 ਫਰਵਰੀ ਨੂੰ 12 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਜੋ ਪਿਛਲੇ ਤਕਰੀਬਨ 77 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਕਾਮਯਾਬ ਕਰਨ ਲਈ ਸੂਬੇ ਦੇ ਹਰ ਵਰਗ ਦੇ ਲੋਕ ਆਪਣਾ ਯੋਗਦਾਨ ਪਾਉਣ।
ਦਿੱਲੀ ਮੋਰਚੇ ਲਈ ਕਿਸਾਨਾਂ ਦਾ ਜਥਾ ਰਵਾਨਾ
ਖੰਨਾ (ਜੋਗਿੰਦਰ ਸਿੰਘ ਓਬਰਾਏ): ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪੁਲਵਾਮਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅੱਜ ਮੋਮਬੱਤੀ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜ਼ਾਦ ਕਰਵਾਉਣ ਵਿਚ ਸਿੱਖਾਂ ਦਾ ਅਹਿਮ ਯੋਗਦਾਨ ਹੈ ਅਤੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਪੰਜਾਬੀ ਸ਼ਹੀਦ ਹੋ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ। ਅੱਜ ਇਥੋਂ ਦੇ ਰੇਲਵੇ ਸਟੇਸ਼ਨ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਨੌਜਵਾਨਾਂ ਦਾ ਵੱਡਾ ਜਥਾ ਦਿੱਲੀ ਰਵਾਨਾ ਨੂੰ ਕੀਤਾ ਗਿਆ। ਇਸ ਮੌਕੇ ਗਾਇਕ ਬਿੱਟੂ ਖੰਨੇ ਵਾਲਾ, ਕਸ਼ਮੀਰਾ ਸਿੰਘ, ਹਰਮਿੰਦਰ ਸਿੰਘ, ਬਲਬੀਰ ਸਿੰਘ, ਗੁਰਤਿੰਦਰ ਸਿੰਘ ਵਾਲੀਆ, ਰਛਪਾਲ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।