ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਨਵੰਬਰ
ਮਾਡਲ ਟਾਊਨ ਦੇ ਨਿਊ ਕਰਤਾਰ ਨਗਰ ਖੇਤਰ ਵਿੱਚ ਰਹਿਣ ਵਾਲੀ ਮਨੀਸ਼ਾ (25 ਸਾਲ) ਦੀ ਵੀਰਵਾਰ ਰਾਤ ਨੂੰ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਅਫ਼ਵਾਹ ਫੈਲ ਗਈ ਕਿ ਉਸ ਦਾ ਕਤਲ ਕਰਕੇ ਨੌਜਵਾਨ ਉਸ ਦੀ ਲਾਸ਼ ਕੋਲ ਬੈਠਾ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲੀਸ ਪਾਰਟੀ ਘਟਨਾ ਸਥਾਨ ਲੱਭਣ ਵਿੱਚ ਕਾਫ਼ੀ ਦਿੱਕਤ ਆਈ। ਮਗਰੋਂ ਪੁਲੀਸ ਨੂੰ ਕਿਸੇ ਨੇ ਦੱਸਿਆ ਕਿ ਇਲਾਕੇ ਵਿੱਚ ਵਿਹੜਾ ਬਣਾਇਆ ਹੈ, ਜਿਥੇ ਪਰਵਾਸੀ ਮਜ਼ਦੂਰ ਰਹਿੰਦੇ ਸਨ। ਜਦੋਂ ਪੁਲੀਸ ਉਸ ਥਾਂ ’ਤੇ ਪੁੱਜੀ ਤਾਂ ਪਤਾ ਲੱਗਿਆ ਕਿ ਇੱਥੇ ਇੱਕ ਮਨੀਸ਼ਾ ਨਾਂ ਦੀ ਔਰਤ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ ਹੈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਮੌਤ ਡਿੱਗਣ ਨਾਲ ਹੋਈ ਹੈ। ਫਿਲਹਾਲ ਪੁਲੀਸ ਨੇ ਮਨੀਸ਼ਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ। ਜਾਂਚ ਅਧਿਕਾਰੀ ਏਐੱਸਆਈ ਹਰਮੇਸ਼ ਕੁਮਾਰ ਨੇ ਦੱਸਿਆ ਘਟਨਾ ਸਥਾਨ ’ਤੇ ਜਾ ਕੇ ਦੇਖਿਆ ਜਿਥੇ ਇੱਕ ਕਮਰੇ ਦਾ ਦਰਵਾਜ਼ਾ ਬੰਦ ਸੀ। ਉਸ ਦੀ ਲਾਈਟ ਵੀ ਬੰਦ ਸੀ। ਜਦੋਂ ਦਰਵਾਜ਼ਾ ਖੁੱਲ੍ਹਵਾਇਆ ਗਿਆ ਤਾਂ ਅੰਦਰ ਇੱਕ 25 ਸਾਲਾ ਵਿਆਹੁਤਾ ਦੀ ਲਾਸ਼ ਪਈ ਸੀ। ਉਸ ਦੇ ਕੋਲ ਹੀ ਉਸ ਦਾ ਪਤੀ ਗਣੇਸ਼ ਵੀ ਸੀ। ਜਿਸ ਨੇ ਦੱਸਿਆ ਕਿ ਮਨੀਸ਼ਾ ਦੀ ਮੌਤ ਪਖਾਨੇ ਵਿੱਚ ਡਿੱਗਣ ਨਾਲ ਹੋਈ ਹੈ। ਉਹ ਡਿੱਗ ਕੇ ਬੇਹੋਸ਼ ਹੋ ਗਈ ਸੀ, ਜਦੋਂ ਉਹ ਹਸਪਤਾਲ ਲੈ ਕੇ ਗਿਆ ਤਾਂ ਉਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।