ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਪ੍ਰਤਾਪ ਨਗਰ ਇਲਾਕੇ ’ਚ ਅੱਜ ਦੁਪਹਿਰ ਘਰ ’ਚ ਇੱਕਲੀ ਔਰਤ ਦਾ ਅਣਪਛਾਤੇ ਵਿਅਕਤੀਆਂ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪ੍ਰਤਾਪ ਨਗਰ ਵਾਸੀ ਲਕਸ਼ਮੀ ਭਾਰਤੀ (29) ਦੇ ਛੋਟੇ ਬੇਟੇ ਦੇ ਸਕੂਲ ਤੋਂ ਉਸ ਦੇ ਪਤੀ ਮੋਨੂੰ ਨੂੰ ਫੋਨ ਗਿਆ ਕਿ ਉਹ ਉਸ ਨੂੰ ਲੈਣ ਨਹੀਂ ਆਈ। ਮੋਨੂੰ ਨੇ ਗੁਆਂਢੀ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਸੂਚਨਾ ਮਿਲਦੇ ਹੀ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰ. 6 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਲਕਸ਼ਮੀ ਭਾਰਤੀ ਦੇ ਗਲੇ ’ਤੇ ਨਿਸ਼ਾਨ ਹਨ ਤੇ ਖੂਨ ਵੀ ਲੱਗਿਆ ਹੈ, ਜਿਸ ਤੋਂ ਸ਼ੱਕ ਹੈ ਕਿ ਉਸ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਪੁਲੀਸ ਨੇ ਅਣਪਛਾਤੇ ਕਾਤਲਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।