ਲੁਧਿਆਣਾ: ਥਾਣਾ ਜਮਾਲਪੁਰ ਦੇ ਇਲਾਕੇ ਲੇਬਰ ਕਲੋਨੀ ਵਾਸੀ ਇਕ ਵਿਅਕਤੀ ਦੇ ਖਾਤੇ ਵਿੱਚੋਂ ਦੋ ਨਾਮਾਲੂਮ ਨੌਜਵਾਨ ਹਜ਼ਾਰਾਂ ਰੁਪਏ ਦੀ ਰਕਮ ਕਢਾ ਕੇ ਲੈ ਗਏ ਹਨ ਜਿਨ੍ਹਾਂ ਉਸ ਦਾ ਏਟੀਐੱਮ ਕਾਰਡ ਧੋਖੇ ਨਾਲ ਬਦਲ ਲਿਆ ਸੀ। ਰਮਨਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਆਪਣੇ ਪਿਤਾ ਨਾਲ ਜਮਾਲਪੁਰ ਰੋਡ ਸਥਿਤ ਐਕਸਿਸ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਗਿਆ ਸੀ ਜਿੱਥੇ ਦੋ ਨਾਮਾਲੂਮ ਨੌਜਵਾਨ ਪਹਿਲਾਂ ਹੀ ਖੜ੍ਹੇ ਸਨ। ਉਨ੍ਹਾਂ ਉਸ ਦਾ ਪਿੰਨ ਨੰਬਰ ਦੇਖ ਲਿਆ ਅਤੇ ਗੱਲਾਂ ਵਿੱਚ ਲਗਾ ਕੇ ਧੋਖੇ ਨਾਲ ਏਟੀਐੱਮ ਕਾਰਡ ਬਦਲ ਲਿਆ। ਉਨ੍ਹਾਂ 9 ਹਜ਼ਾਰ ਅਤੇ 5 ਹਜ਼ਾਰ 500 ਰੁਪਏ ਕਢਵਾ ਲਏ। ਥਾਣੇਦਾਰ ਸਵਰਨ ਚੰਦ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ