ਸਤਵਿੰਦਰ ਬਸਰਾ
ਲੁਧਿਆਣਾ, 21 ਨਵੰਬਰ
ਸਨਅਤ ਅਤੇ ਹੌਜ਼ਰੀ ਦੇ ਸਾਮਾਨ ਵਿੱਚ ਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚ ਸ਼ਾਮਲ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਅੱਜ ਕੱਲ੍ਹ ਗਰਮ ਕੱਪੜੇ ਖ਼ਰੀਦਣ ਵਾਲੇ ਗਾਹਕਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਐਤਵਾਰ ਛੁੱਟੀ ਵਾਲਾ ਦਿਨ ਹੋਣ ਕਾਰਨ ਇਹ ਰੌਣਕਾਂ ਆਮ ਦਿਨਾਂ ਨਾਲੋਂ ਕਈ ਗੁਣਾਂ ਵਧ ਗਈਆਂ। ਦੂਜੇ ਪਾਸੇ, ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਵੇਚਣ ਤੋਂ ਨਾ ਰੋਕਣ ਦੇ ਬਿਆਨਾਂ ਦਾ ਅਸਰ ਵੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ।
ਲੁਧਿਆਣਾ ਦੇ ਬਾਜ਼ਾਰਾਂ ਵਿੱਚ ਭਾਵੇਂ ਦੁਕਾਨਾਂ ਦੇ ਬਾਹਰ ਲੱਗਦੀਆਂ ਫੜੀਆਂ ਆਵਾਜਾਈ ਵਿੱਚ ਅੜਿੱਕਾ ਬਣਦੀਆਂ ਆ ਰਹੀਆਂ ਹਨ, ਪਰ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਫਸਰਾਂ ਨੂੰ ਮੰਜਿਆਂ ’ਤੇ ਸਾਮਾਨ ਰੱਖ ਕੇ ਵੇਚਣ ਜਾਂ ਦੁਕਾਨਾਂ ਦੇ ਬਾਹਰ ਫੜੀਆਂ ਲਾਉਣ ਵਾਲਿਆਂ ਨੂੰ ਤੰਗ ਨਾ ਕਰਨ ਦੀ ਅਫਸਰਾਂ ਨੂੰ ਵੱਟੀ ਘੂਰੀ ਤੋਂ ਬਾਅਦ ਹੁਣ ਬਾਜ਼ਾਰਾਂ ਵਿੱਚ ਫੜੀਆਂ ਲਗਾਉਣ ਵਾਲਿਆਂ ਦੀ ਗਿਣਤੀ ਕਈ ਗੁਣਾਂ ਵੱਧ ਗਈ ਹੈ। ਫੜੀਆਂ ਵਾਲਿਆਂ ਵੱਲੋਂ ਦੁਕਾਨਾਂ ਤੋਂ ਸਸਤਾ ਸਾਮਾਨ ਵੇਚਣ ਕਰਕੇ ਗਾਹਕ ਵੀ ਇਨ੍ਹਾਂ ਤੋਂ ਹੀ ਸਾਮਾਨ ਖ਼ਰੀਦਣ ਨੂੰ ਤਰਜੀਹ ਦੇਣ ਲੱਗੇ ਹਨ। ਹੁਣ ਠੰਢ ਦਾ ਮੌਸਮ ਆਉਣ ਕਰਕੇ ਜਿੱਥੇ ਬਾਜ਼ਾਰਾਂ ਵਿੱਚ ਭਾਂਤ-ਭਾਂਤ ਦੇ ਗਰਮ ਕੱਪੜੇ ਵਿਕਣ ਲਈ ਆਏ ਹੋਏ ਹਨ ਉੱਥੇ ਇਨਾਂ ਦੀ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਗਿਣਤੀ ਵੀ ਆਮ ਦਿਨਾਂ ਦੇ ਮੁਕਾਬਲੇ ਵਧ ਗਈ ਹੈ। ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਇੱਥੋਂ ਦੇ ਚੌਥੇ ਬਾਜ਼ਾਰ ਵਿੱਚ ਭੀੜ ਏਨੀ ਜ਼ਿਆਦਾ ਵਧ ਗਈ ਕਿ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ ਸੀ। ਚੌੜਾ ਬਾਜ਼ਾਰਾਂ ਤੋਂ ਇਲਾਵਾ ਇੱਥੋਂ ਦੀ ਘੁਮਾਰ ਮੰਡੀ, ਦਾਲ ਬਾਜ਼ਾਰ, ਫੀਲਡ ਗੰਜ, ਮਾਤਾ ਰਾਣੀ ਚੌਕ, ਘੰਟਾ ਘਰ, ਸਰਾਫ਼ਾ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਜੋਧੇਵਾਲ ਬਸਤੀ, ਜਨਕਪੁਰੀ ਆਦਿ ਬਾਜ਼ਾਰਾਂ ਵਿੱਚ ਗਰਮ ਕੱਪੜੇ ਖ਼ਰੀਦਣ ਵਾਲਿਆਂ ਦੀ ਭੀੜ ਦੇਖਣ ਨੂੰ ਮਿਲੀ ਹੈ।
ਭਾਰਤ ਨਾਲੋਂ ਸਸਤਾ ਪੈ ਰਿਹਾ ਹੈ ਚੀਨ ਦਾ ਸਾਮਾਨ
ਸੁਨੀਲ ਕੁਮਾਰ ਨਾਂ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਚੀਨ ਤੋਂ ਵੀ ਹੌਜਰੀ ਦਾ ਸਾਮਾਨ ਤਿਆਰ ਹੋ ਕਿ ਲੁਧਿਆਣਾ ਆ ਰਿਹਾ ਹੈ। ਇਹ ਸਮਾਨ ਸਥਾਨਕ ਹੌਜਰੀਆਂ ਵਿੱਚ ਤਿਆਰ ਹੁੰਦੇ ਮਾਲ ਨਾਲੋਂ ਸਸਤਾ ਅਤੇ ਦੇਖਣ ਨੂੰ ਵਧੀਆ ਲੱਗਦਾ ਹੈ। ਇਸ ਲਈ ਗਾਹਕਾਂ ਵੱਲੋਂ ਅਜਿਹਾ ਸਾਮਾਨ ਖ਼ਰੀਦਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਸ ਦੱਸਿਆ ਕਿ ਬਾਜ਼ਾਰ ਵਿੱਚ ਭਾਵੇਂ ਗਾਹਕ ਜ਼ਿਆਦਾ ਹਨ ਪਰ ਮਹਿੰਗਾਈ ਵੱਧ ਹੋਣ ਕਾਰਨ ਕੱਪੜਿਆਂ ’ਤੇ ਖ਼ਰਚ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਰਾਜੀਵ ਕੁਮਾਰ ਨਾਂ ਦੇ ਗਾਹਕ ਨੇ ਦੱਸਿਆ ਕਿ ਭਾਵੇਂ ਬਾਜ਼ਾਰਾਂ ਵਿੱਚ ਲੱਗੀਆਂ ਫੜੀਆਂ ਵਾਲਿਆਂ ਤੋਂ ਸਸਤਾ ਹੌਜਰੀ ਦਾ ਸਾਮਾਨ ਮਿਲ ਜਾਂਦਾ ਹੈ ਪਰ ਇਸ ਸਮਾਨ ਦੀ ਕੋਈ ਗਾਰੰਟੀ ਨਹੀਂ ਹੁੰਦੀ। ਚੰਗੀ ਕਿਸਮ ਦਾ ਸਾਮਾਨ ਮਨਜੂਰਸ਼ੁਦਾ ਦੁਕਾਨ ਤੋਂ ਖ਼ਰੀਦਣਾ ਚਾਹੀਦਾ ਹੈ।