ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਇਥੋਂ ਦੇ ਸਲੇਮ ਟਾਬਰੀ ਦੇ ਭੱਟੀਆ ਇਲਾਕੇ ’ਚ ਰਹਿਣ ਵਾਲੇ ਇੱਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਦੋਂ ਮ੍ਰਿਤਕਾ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਮਗਰੋਂ ਪੁਲੀਸ ਨੇ ਮ੍ਰਿਤਕ ਔਰਤ ਨੀਰੂ (31) ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਉਸ ਦੇ ਪਤੀ ਰਾਜਾ ਸੇਖੋਂ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਨੀਰੂ ਦਾ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ ਇੱਕ ਲੜਕਾ ਵੀ ਸੀ। ਉਸ ਤੋਂ ਬਾਅਦ ਨੀਰੂ ਨੇ ਰਾਜਾ ਸੇਖੋਂ ਨਾਲ ਦੂਸਰਾ ਵਿਆਹ ਕਰ ਲਿਆ ਸੀ। ਦੋਹਾਂ ਦਾ ਪ੍ਰੇਮ ਵਿਆਹ ਸੀ ਤੇ ਉਸ ਦੇ ਪਤੀ ਦਾ ਕਚਿਹਰੀ ’ਚ ਪਾਰਕਿੰਗ ਦਾ ਠੇਕਾ ਹੈ। ਮੁਲਜ਼ਮ ਨੇ ਪੁੱਛ-ਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਨੀਰੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਝਗੜਾ ਕਰਦੀ ਰਹਿੰਦੀ। ਮੰਗਲਵਾਰ ਦੀ ਸ਼ਾਮ ਘਰੇਲੂ ਗੱਲਾਂ ਨੂੰ ਲੈ ਕੇ ਦੋਹਾਂ ’ਚ ਬਹਿਸਬਾਜ਼ੀ ਹੋਈ ਸੀ ਤੇ ਨੀਰੂ ਨੇ ਚੁੰਨੀ ਪੱਖੇ ਨਾਲ ਲਟਕਾ ਕੇ ਫਾਹਾ ਲੈਣ ਦੀ ਧਮਕੀ ਦਿੱਤੀ। ਇਸੇ ਦੌਰਾਨ ਗੁੱਸੇ ’ਚ ਆ ਕੇ ਉਸ ਨੇ (ਰਾਜਾ ਸੇਖੋਂ) ਨੇ ਪੈਰ ਖਿੱਚ ਲਏ ਤੇ ਨੀਰੂ ਦੀ ਫਾਹਾ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛ-ਗਿੱਛ ਜਾਰੀ ਹੈ।