ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਸ਼ੇਰਪੁਰ ਇਲਾਕੇ ਵਿੱਚ ਪੁਲੀਸ ਵੱਲੋਂ ਸੁਣਵਾਈ ਨਾ ਕਰਨ ਤੋਂ ਖਫ਼ਾ ਇੱਕ ਮਹਿਲਾ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮਹਿਲਾ ਨੇ ਦੋਸ਼ ਲਾਇਆ ਕਿ ਥਾਣਾ ਮੋਤੀ ਨਗਰ ਦੀ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਮਹਿਲਾ ਦਾ ਕੋਈ ਪ੍ਰਾਪਰਟੀ ਨਾਲ ਸਬੰਧਤ ਕੇਸ ਹੈ। ਟੈਂਕੀ ਨੇੜੇ ਰੌਲਾ ਪੈਂਦਾ ਸੁਣ ਕੇ ਮੌਕੇ ’ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਥਾਣਾ ਮੋਤੀ ਨਗਰ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਔਰਤ ਦੇ ਦੋਸ਼ ਲਾਇਆ ਕਿ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਥਾਣਾ ਮੋਤੀ ਨਗਰ ਦੇ ਐੱਸਐੱਚਓ ਸੰਜੀਵ ਕਪੂਰ ਨੂੰ ਦੱਸਿਆ ਕਿ ਔਰਤ ਦਾ ਪ੍ਰਾਪਰਟੀ ਦਾ ਕੋਈ ਵਿਵਾਦ ਸੀ। ਔਰਤ ਨੇ ਦੋਸ਼ ਲਗਾਏ ਸਨ ਕਿ ਉਸ ਦੀ ਇੱਕ ਦੁਕਾਨ ਹੈ, ਜਦਕਿ ਉਸੇ ਦੁਕਾਨ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਅਵਾ ਕਰ ਰਹੀ ਹੈ ਇਹ ਦੁਕਾਨ ਉਨ੍ਹਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਹਿਲਾ ਟੈਂਕੀ ’ਤੇ ਹੀ ਸੀ।