ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਕਤੂਬਰ
ਸੁਭਾਸ਼ ਨਗਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀਰਵਾਰ ਦੀ ਦੁਪਹਿਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਅਧਿਆਪਕ ’ਤੇ ਨਿਹੰਗ ਸਿੰਘ ਨੇ ਕਿਰਪਾਨ ਤਾਣ ਲਈ। ਸਕੂਲ ਪ੍ਰਬੰਧਕਾਂ ਨੇ ਕਿਸੇ ਤਰ੍ਹਾਂ ਨਾਲ ਮਾਹੌਲ ਸ਼ਾਂਤ ਕਰਵਾਇਆ। ਸਕੂਲ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਇਸੇ ਦੌਰਾਨ ਵਿਦਿਆਰਥੀ ਕੋਲੋਂ ਫੋਨ ਮਿਲਿਆ। ਜਦੋਂ ਸਕੂਲ ਅਧਿਆਪਕ ਨੇ ਉਸ ਦਾ ਫੋਨ ਖੋਹ ਲਿਆ ਤਾਂ ਕੁਝ ਸਮੇਂ ਬਾਅਦ ਵਿਦਿਆਰਥੀ ਨੇ ਫੋਨ ਮੰਗਿਆ, ਪਰ ਸਕੂਲ ਅਧਿਆਪਕ ਨੇ ਕਿਹਾ ਕਿ ਫੋਨ ਉਸ ਨੂੰ ਨਹੀਂ ਦਿੱਤਾ ਜਾਵੇਗਾ। ਉਹ ਆਪਣੇ ਪਰਿਵਾਰ ਵਾਲਿਆਂ ਨੂੰ ਬੁਲਾਏ ਤੇ ਸਕੂਲ ਪ੍ਰਬੰਧਕਾਂ ਦੇ ਸਾਹਮਣੇ ਉਸ ਨੂੰ ਫੋਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਪਰਿਵਾਰ ਨੂੰ ਬੁਲਾਉਣ ਦੀ ਬਜਾਏ ਆਪਣੇ ਦੋਸਤ ਨਿਹੰਗ ਸਿੰਘ ਨੂੰ ਬੁਲਾ ਲਿਆ। ਉਸ ਨੇ ਸਕੂਲ ਅਧਿਆਪਕ ਕੋਲੋਂ ਆ ਕੇ ਫੋਨ ਮੰਗਿਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਪਰਿਵਾਰ ਨੂੰ ਸੱਦਣ ਲਈ ਕਿਹਾ। ਮਗਰੋਂ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ ਵਿਵਾਦ ਕਾਫ਼ੀ ਵੱਧ ਗਿਆ। ਇੰਨ੍ਹੇ ’ਚ ਗੁੱਸੇ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਕੱਢੀ ਤੇ ਸਕੂਲ ਅਧਿਆਪਕ ’ਤੇ ਤਾਣ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੀਆਂ ਭਾਜੜਾਂ ਪੈ ਗਈਆਂ। ਚੌਕੀ ਸੁਭਾਸ਼ ਨਗਰ ਦੇ ਇੰਚਾਰਜ ਏਐੱਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਹਾਲੇ ਉਨ੍ਹਾਂ ਕੋਲ ਇਹ ਮਾਮਲਾ ਨਹੀਂ ਆਇਆ ਹੈ। ਜਿਵੇਂ ਹੀ ਮਾਮਲਾ ਧਿਆਨ ’ਚ ਆਵੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।