ਗਗਨਦੀਪ ਅਰੋੜਾ
ਲੁਧਿਆਣਾ, 4 ਮਾਰਚ
ਲੜਕੇ ਅਤੇ ਨੂੰਹ ’ਤੇ ਕੁੱਟਮਾਰ ਦੇ ਦੋਸ਼ ਲਾ ਕੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨ ਬਿਰਧ ਨੇ ਥਾਣਾ ਡਿਵੀਜ਼ਨ ਨੰਬਰ 3 ਦੇ ਅੰਦਰ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਖੁਦ ’ਤੇ ਤੇਲ ਪਾਇਆ ਤਾਂ ਥਾਣੇ ’ਚ ਭਾਜੜਾਂ ਪੈ ਗਈਆਂ। ਇਸੇ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਬਿਰਧ ਦੇ ਹੱਥੋਂ ਤੇਲ ਦੀ ਬੋਤਲ ਖੋਹੀ ਤੇ ਦੂਰ ਸੁੱਟ ਦਿੱਤੀ। ਔਰਤ ਦੇ ਹੱਥ ’ਚੋਂ ਮਾਚਿਸ ਦੀ ਡੱਬੀ ਵੀ ਪੁਲੀਸ ਕਰਮੀ ਨੇ ਖੋਹ ਕੇ ਸੁੱਟ ਦਿੱਤੀ। ਇਸ ਤੋਂ ਬਾਅਦ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਆਇਆ ਤਾਂ ਪੁਲੀਸ ਅਧਿਕਾਰੀਆਂ ਨੇ ਤੁਰੰਤ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਥਾਣਾ ਡਿਵੀਜ਼ਨ ਨੰਬਰ 3 ਦੇ ਐੱਸਐੱਚਓ ਸਬ ਇੰਸਪੈਕਟਰ ਅੰਕੁਸ਼ ਦੱਤ ਨੇ ਦੱਸਿਆ ਕਿ ਇਸ ਮਾਮਲੇ ’ਚ ਬਜ਼ੁਰਗ ਔਰਤ ਦੇ ਲੜਕੇ ਤੇ ਨੂੰਹ ’ਤੇ ਕੇਸ ਦਰਜ ਕੀਤਾ ਗਿਆ ਹੈ।
ਸ਼ਿਵਪੁਰੀ ਦੀ ਰਹਿਣ ਵਾਲੀ ਸਰੋਜ ਰਾਣੀ ਨੇ ਦੱਸਿਆ ਕਿ 22 ਫਰਵਰੀ ਨੂੰ ਉਸ ਦੇ ਲੜਕੇ ਤੇ ਨੂੰਹ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਘਰੋਂ ਕੱਢ ਦਿੱਤਾ। ਉਸ ਨੇ ਸ਼ਿਕਾਇਤ ਥਾਣਾ ਡਵੀਜ਼ਨ ਨੰ. 3 ਦੀ ਪੁਲੀਸ ਨੂੰ ਕੀਤੀ। ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਕੋਲ ਪੇਸ਼ ਹੋਈ। ਬਿਰਧ ਸਰੋਜ ਰਾਣੀ ਨੇ ਦੋਸ਼ ਲਾਇਆ ਕਿ ਉਸ ਨੂੰ ਥਾਣੇ ਬੁਲਾ ਕੇ ਕਾਰਵਾਈ ਦੇ ਨਾਮ ’ਤੇ ਪਿਛਲੇ 11 ਦਿਨ ਤੋਂ ਜ਼ਲੀਲ ਕੀਤਾ ਜਾ ਰਿਹਾ ਹੈ। ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਕੋਈ ਕਾਰਵਾਈ ਹੀਂ ਕੀਤੀ ਜਾ ਰਹੀ। ਉਨ੍ਹਾਂ ਨੂੰ ਦੱਸਿਆ ਕਿ ਹੁਣ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਮਾਮਲੇ ਦੀ ਜਾਂਚ ਕਰੇਗੀ, ਉਹ ਉੱਥੇ ਗਈ , ਪਰ ਉਨ੍ਹਾਂ ਫਿਰ ਥਾਣਾ ਡਿਵੀਜ਼ਨ ਨੰਬਰ 3 ਭੇਜ ਦਿੱਤਾ। ਥਾਣਾ ਇੰਚਾਰਜ ਘਟਨਾ ਦੌਰਾਨ ਆਪਣੇ ਕਮਰੇ ’ਚ ਮੌਜੂਦ ਰਹੇ, ਪਰ ਉਨ੍ਹਾਂ ਦੀ ਗੱਲ ਸੁਣਨ ਬਾਹਰ ਤੱਕ ਨਹੀਂ ਆਏ। ਬਿਰਧ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਨਾਮ ’ਤੇ ਸਵਿਫ਼ਟ ਕਾਰ ਸੀ, ਜੋ ਕਿਸ਼ਤਾਂ ’ਤੇ ਲਈ ਗਈ ਸੀ। ਲੜਕੇ ਨੇ ਜਦੋਂ ਕਿਸ਼ਤਾਂ ਨਹੀਂ ਭਰੀਆਂ ਤਾਂ ਬੈਂਕ ਵਾਲੇ ਰਿਕਵਰ ਕਰਕੇ ਲੈ ਗਏ। ਇਸ ਵਿਵਾਦ ਕਾਰਨ ਉਸ ’ਤੇ ਪੁੱਤ ਤੇ ਨੂੰਹ ਨੇ ਹਮਲਾ ਕਰਕੇ ਕੁੱਟਮਾਰ ਕੀਤੀ। ਬਿਰਧ ਨੇ ਦੋਸ਼ ਲਾਇਆ ਕਿ ਉਹ ਬਿਆਨ ਲਿਖਵਾਉਣ ਥਾਣੇ ਪੁੱਜੀ ਤਾਂ ਉਥੇਂ ਮੌਜੂਦ ਏਐੱਸਆਈ ਨੇ ਆਪਣੀ ਮਰਜ਼ੀ ਨਾਲ ਬਿਆਨ ਲਿਖੇ। ਗਲਤ ਬਿਆਨ ਲਿਖਣ ’ਤੇ ਜਦੋਂ ਉਸ ਨੇ ਵਿਰੋਧ ਕੀਤਾ ਅਤੇ ਕਾਗਜ਼ ਪਾੜ ਦਿੱਤਾ। ਇਸ ’ਤੇ ਏਐੱਸਆਈ ਨੇ ਕਿਹਾ ਜਾਓ ਬਾਜ਼ਾਰ ਤੋਂ ਬਿਆਨ ਲਿਖਵਾ ਕੇ ਲਿਆਓ, ਫਿਰ ਕਾਰਵਾਈ ਕਰਾਂਗਾ। ਉਹ ਤਿੰਨ ਵਜੇ ਥਾਣੇ ਪੁੱਜ ਗਈ, ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਮਜ਼ਬੂਰਨ ਇਹ ਕਦਮ ਚੁੱਕਣਾ ਪਿਆ।
ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ: ਐੱਸਐੱਚਓ
ਥਾਣਾ ਡਿਵੀਜ਼ਨ ਨੰ. 3 ਦੇ ਐੱਸਐੱਚਓ ਸਬ ਇੰਸਪੈਕਟਰ ਅੰਕੁਸ਼ ਦੱਤ ਦਾ ਕਹਿਣਾ ਹੈ ਕਿ ਪੁਲੀਸ ਦੀ ਕੋਈ ਲਾਪ੍ਰਵਾਹੀ ਨਹੀਂ ਹੈ। ਔਰਤ ਆਪਣੇ ਬਿਆਨਾਂ ਨਾਲ ਖੁਦ ਹੀ ਸਹਿਮਤ ਨਹੀਂ ਸੀ। ਇਸ ਲਈ ਉਸ ਨੂੰ ਟਾਈਪ ਕਰਵਾ ਕੇ ਬਿਆਨ ਲਿਆਉਣ ਲਈ ਕਿਹਾ ਸੀ। ਉਹ ਕਿਸੇ ਤੋਂ ਪੁੱਛ ਕੇ ਬਿਆਨ ਲਿਖਵਾਉਣਾ ਚਾਹੁੰਦੀ ਸੀ। ਹੁਣ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਦੇ ਲੜਕੇ ਤੇ ਨੂੰਹ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।