ਪੱਤਰ ਪ੍ਰੇਰਕ
ਮਾਛੀਵਾੜਾ, 19 ਅਪਰੈਲ
ਇੱਥੋਂ ਦੀ ਦਾਣਾ ਮੰਡੀ ਦੇ ਇੱਕ ਉਪ ਖਰੀਦ ਕੇਂਦਰ ਵਿੱਚ ਇੱਕ ਆੜ੍ਹਤੀ ਵਲੋਂ ਪ੍ਰਾਈਵੇਟ ਤੌਰ ’ਤੇ ਕਣਕ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਦਾਣਾ ਮੰਡੀ ਤੇ ਉਪ ਖਰੀਦ ਕੇਂਦਰਾਂ ਵਿਚ ਅੱਜ ਮੀਂਹ ਕਾਰਨ ਖਰੀਦ ਦਾ ਕੰਮ ਬਿਲਕੁਲ ਹੀ ਠੱਪ ਰਿਹਾ ਅਤੇ ਕਿਸੇ ਵੀ ਸਰਕਾਰੀ ਏਜੰਸੀ ਨੇ ਫਸਲ ਦੀ ਖਰੀਦ ਨਹੀਂ ਕੀਤੀ। ਇੱਥੋਂ ਤੱਕ ਮੰਡੀ ਬੋਰਡ ਕੋਲ ਜੋ ਅੰਕੜੇ ਹਨ ਉਸ ਤਹਿਤ ਅੱਜ ਮਾਛੀਵਾੜਾ ਇਲਾਕੇ ਵਿਚ ਕੋਈ ਵੀ ਬੋਰੀ ਦੀ ਖਰੀਦ ਨਹੀਂ ਹੋਈ ਪਰ ਇਸ ਦੇ ਬਾਵਜੂਦ ਇੱਕ ਉਪ ਖਰੀਦ ਕੇਂਦਰ ਵਿਚ ਆੜ੍ਹਤੀ ਵਲੋਂ ਪ੍ਰਾਈਵੇਟ ਬਾਰਦਾਨੇ ਵਿਚ ਫਸਲ ਦੀ ਤੁਲਾਈ ਕਰਕੇ ਭਰਾਈ ਕੀਤੀ ਜਾ ਰਹੀ ਸੀ। ਪਤਾ ਲੱਗਾ ਹੈ ਕਿ ਕਣਕ ਦੀ ਸਪਲਾਈ ਪ੍ਰਾਈਵੇਟ ਵਪਾਰੀ ਨੂੰ ਕੀਤੀ ਜਾਣੀ ਹੈ। ਫਸਲ ਸਰਕਾਰੀ ਜਾਂ ਪ੍ਰਾਈਵੇਟ ਤੌਰ ’ਤੇ ਵਿਕਣ ਸਬੰਧੀ ਮਾਛੀਵਾੜਾ ਮਾਰਕੀਟ ਕਮੇਟੀ ਸਕੱਤਰ ਨੂੰ ਰੋਜ਼ਾਨਾ ਰਿਪੋਰਟ ਦਰਜ ਕਰਵਾਉਣੀ ਜ਼ਰੂਰੀ ਹੁੰਦੀ ਹੈ। ਦੂਜੇ ਪਾਸੇ ਸਬੰਧਤ ਆੜ੍ਹਤੀ ਨੇ ਉਨ੍ਹਾਂ ਪਹਿਲਾਂ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਮੰਡੀ ਦੇ ਫੜ ਵਿਚ ਫਸਲ ਦੀ ਤੁਲਾਈ ਚੱਲ ਰਹੀ ਹੈ ਅਤੇ ਫਿਰ ਬਾਅਦ ਵਿਚ ਦੱਸਿਆ ਕਿ ਪ੍ਰਾਈਵੇਟ ਖਰੀਦ ਬਾਰੇ ਮਾਰਕੀਟ ਕਮੇਟੀ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਹੈ। ਮਾਰਕੀਟ ਕਮੇਟੀ ਸਕੱਤਰ ਮਨਜਿੰਦਰ ਸਿੰਘ ਨੇ ਕਿਹਾ ਕਿ ਅੱਜ ਮਾਛੀਵਾੜਾ ਦਾਣਾ ਮੰਡੀ ਤੇ ਨਾਲ ਲੱਗ ਦੇ ਉਪ ਖਰੀਦ ਕੇਂਦਰਾਂ ਵਿਚ ਕਣਕ ਦੀ ਫਸਲ ਸਰਕਾਰੀ ਜਾਂ ਪ੍ਰਾਈਵੇਟ ਤੌਰ ’ਤੇ ਨਹੀਂ ਖਰੀਦੀ ਗਈ। ਉਨ੍ਹਾਂ ਕਿਹਾ ਕਿ ਉਹ ਭਲਕੇ ਦਫ਼ਤਰ ਆ ਕੇ ਇਸ ਸਬੰਧੀ ਸਾਰੇ ਰਿਕਾਰਡ ਦੀ ਜਾਂਚ ਕਰਨਗੇ ਅਤੇ ਮਾਰਕੀਟ ਫੀਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।