ਡੀਪੀਐੱਸ ਬਤਰਾ
ਸਮਰਾਲਾ, 15 ਦਸੰਬਰ
ਪਿਛਲੇ ਇਕ ਸਾਲ ਦੇ ਵੱਧ ਸਮੇਂ ਤੋਂ ਦਿੱਲੀ ਵਿੱਚ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਵਿੱਚ ਕੇਂਦਰ ਸਰਕਾਰ ਖਿਲਾਫ਼ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕਿਸਾਨ-ਮਜ਼ਦੂਰ ਆਪਣੇ-ਆਪਣੇ ਪਿੰਡਾਂ ਨੂੰ ਪਰਤ ਰਹੇ ਹਨ, ਜਿਨ੍ਹਾਂ ਦਾ ਹਰ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪਿੰਡ ਘਰਖਣਾ ਦੇ ਸੰਘਰਸ਼ੀ ਯੋਧਿਆਂ ਦਾ ਵੀ ਨਗਰ ਵਾਸੀਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਪਿੰਡ ਦੇ ਸਰਪੰਚ ਪਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਘਰਖਣਾ ਪਿੰਡ ਪਹਿਲੇ ਦਿਨ ਤੋਂ ਹੀ ਮੋਰਚੇ ਵਿੱਚ ਕਿਸਾਨਾਂ ਨਾਲ ਦਿੱਲੀ ਦੀਆਂ ਸਰਹੱਦਾਂ ’ਤੇ ਡਟਿਆ ਰਿਹਾ ਹੈ। ਵੱਖ-ਵੱਖ ਸਮਿਆਂ ’ਤੇ ਪਿੰਡ ਵਿੱਚੋਂ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜਥੇ ਭੇਜੇ ਜਾਂਦੇ ਰਹੇ ਹਨ। ਦਿੱਲੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰਕੇ ਇਸ ਪਿੰਡ ਦੇ ਸੰਘਰਸ਼ੀ ਯੋਧਿਆਂ ਵਿੱਚ ਮਾਸਟਰ ਹਰਮਨਦੀਪ ਸਿੰਘ ਮੰਡ, ਅਵਤਾਰ ਸਿੰਘ ਪ੍ਰਧਾਨ, ਅਮਨਦੀਪ ਸਿੰਘ, ਰਾਜਵਿੰਦਰ ਸਿੰਘ, ਗਗਨਦੀਪ ਸਿੰਘ, ਹੁਸਨਦੀਪ ਸਿੰਘ, ਇਕਬਾਲ ਸਿੰਘ ਦਾ ਪਿੰਡ ਘਰਖਣਾ ਪਹੁੰਚਣ ’ਤੇ ਫੁੱਲਾਂ ਨਾਲ ਵਰਖਾ ਕਰਕੇ ਵੱਡੇ ਕਾਫ਼ਲੇ ਨਾਲ ਪਿੰਡ ਉਟਾਲਾਂ ਤੋਂ ਘਰਖਣਾ ਤੱਕ ਲਿਆਂਦਾ ਗਿਆ। ਨਗਰ ਪੰਚਾਇਤ ਵੱਲੋਂ ਕਿਸਾਨ-ਮਜ਼ਦੂਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਕੇ ਟਰਾਲੀ ’ਚੋਂ ਉਤਾਰਿਆ ਗਿਆ। ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਏਕੇ ਅਤੇ ਸਬਰ ਦੀ ਜਿੱਤ ਹੈ। ਇਸ ਮੌਕੇ ਜਥੇ ਨਾਲ ਆਏ ਹਰਮਨਦੀਪ ਸਿੰਘ ਮੰਡ ਨੇ ਕਿਹਾ ਕਿ ਸਾਡੇ ਪਿੰਡ ਦੇ ਮਾਨ ਸਪੋਰਟਸ ਕਲੱਬ ਦਾ ਇਸ ਸੰਘਰਸ਼ ਵਿੱਚ ਬਹੁਤ ਵੱਡਾ ਰੋਲ ਰਿਹਾ ਤੇ ਉਨ੍ਹਾਂ ਨੇ ਸਾਰੇ ਕਲੱਬ ਮੈਂਬਰ ਤੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇਥੇ ਕਿਸਾਨ ਘੋਲ ਦੀ ਸਮਾਪਤੀ ’ਤੇ ਸੈਂਕੜੇ ਦੀ ਗਿਣਤੀ ਵਿੱਚ ਜੁੜੇ ਮਰਦ, ਔਰਤਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਹਾਜ਼ਰੀ ’ਚ ਦਿੱਲੀ ਅੰਦੋਲਨ ’ਚ ਲਗਾਤਾਰ ਬੈਠੇ ਇਲਾਕੇ ਦੇ ਤਿੰਨ ਕਿਸਾਨਾਂ ਰਣਜੋਧ ਸਿੰਘ ਕਾਉਂਕੇ, ਗੁਰਿੰਦਰ ਸਿੰਘ, ਹਰਨੇਕ ਸਿੰਘ ਬਿੰਜਲ ਦਾ ਸਨਮਾਨ ਕੀਤਾ। ਇਸੇ ਤਰ੍ਹਾਂ ‘ਪੰਜਾਬੀ ਟ੍ਰਿਬਿਊਨ’ ਦੇ ਨਵੀਂ ਦਿੱਲੀ ਤੋਂ ਪੱਤਰਕਾਰ, ਜੋ ਨੇੜਲੇ ਪਿੰਡ ਸ਼ੇਖਦੌਲਤ ਨਾਲ ਸਬੰਧਤ ਹਨ, ਨੂੰ ਪੂਰਾ ਇਕ ਸਾਲ ਲਗਾਤਾਰ ਕਿਸਾਨ ਸੰਘਰਸ਼ ਦੀ ਕਰਵੇਜ ਕਰਨ ਲਈ ਸਨਮਾਨਿਤ ਕੀਤਾ ਗਿਆ।
ਫਤਿਹਪੁਰ ਵਾਸੀਆਂ ਵੱਲੋਂ ਕਿਸਾਨਾਂ ਦਾ ਸਨਮਾਨ
ਪਾਇਲ (ਦੇਵਿੰਦਰ ਸਿੰਘ ਜੱਗੀ): ਪਿੰਡ ਫਤਿਹਪੁਰ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਹੋਈ ਸ਼ਾਨਾਮੱਤੀ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਅਰਸ਼ਦੀਪ ਸਿੰਘ ਪੰਜਰੁੱਖਾ ਦੇ ਜਥੇ ਵੱਲੋਂ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਰੱਬੀ ਬਾਣੀ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਸਮੂਹ ਨਗਰ ਵਾਸੀਆਂ ਵੱਲੋਂ ਯੂਥ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਰਾਏਪੁਰ, ਬੀਕੇਯੂ ਚੜੂਣੀ ਦੇ ਹਲਕਾ ਪਾਇਲ ਦੇ ਪ੍ਰਧਾਨ ਨਰਪਿੰਦਰ ਸਿੰਘ ਰੌਣੀ, ਬੀਕੇਯੂ ਏਕਤਾ ਉਗਰਾਹਾਂ ਦੇ ਕਨਵੀਨਰ ਹਾਕਮ ਸਿੰਘ ਜਰਗੜੀ, ਸਾਹਨਿਵਾਜ਼ ਖਾਂ ਬਿੱਲੀ ਜਰਗ, ਜੋਗਿੰਦਰ ਸਿੰਘ ਆਜ਼ਾਦ ਜਰਗ, ਬੀਕੇਯੂ ਰਾਜੇਵਾਲ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਜਿੱਤਣ ਵਿੱਚ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਰਿਹਾ ਹੈ, ਜੋ ਸਾਨੂੰ ਸੰਘਰਸ਼ ਦੌਰਾਨ ਹੱਲਾਸ਼ੇਰੀ ਦਿੰਦੇ ਰਹੇ ਹਨ। ਕਿਸਾਨੀ ਜਿੱਤ ਦੀ ਖੁਸ਼ੀ ਵਿੱਚ ਬਰੈਡ, ਮੱਠੀਆਂ ਅਤੇ ਚਾਹ ਦੇ ਲੰਗਰ ਵਰਤਾਏ ਗਏ। ਇਸ ਮੌਕੇ ਗੁਰਜੀਤ ਸਿੰਘ ਗਰੇਵਾਲ, ਰਾਜਿੰਦਰ ਸਿੰਘ ਗਿੱਲ, ਪ੍ਰਧਾਨ ਸਤਵੀਰ ਸਿੰਘ, ਇਸਵਰਦੀਪ ਸਿੰਘ ਸਵੈਚ, ਨਵਦੀਪ ਸਿੰਘ ਗਰੇਵਾਲ, ਕੁਲਵੀਰ ਸਿੰਘ, ਨੰਬਰਦਾਰ ਰਣਧੀਰ ਸਿੰਘ, ਸਾਬਕਾ ਥਾਣੇਦਾਰ ਗੁਰਮੀਤ ਸਿੰਘ, ਧਨਵੰਤ ਸਿੰਘ ਧੰਨਾ, ਸਰਪੰਚ ਰਾਮਪਾਲ ਸਿੰਘ ਆਦਿ ਹਾਜ਼ਰ ਸਨ।