ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਪੰਜਾਬ ਯੂਨੀਵਰਸਿਟੀ ਦੇ ਅੰਤਰ ਕਾਲਜ ਵੇਟ ਲਿਫਟਿੰਗ ਲੜਕੀਆਂ ਦੇ ਮੁਕਾਬਲੇ ਕਰਵਾਏ, ਜਿਸ ਵਿਚ 15 ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥਣ ਵੀਰਜੀਤ ਕੌਰ, ਜੋਤੀ ਸ਼ਰਮਾ, ਦੀਕਸ਼ਾ ਸ਼ਰਮਾ, ਵੰਸ਼ਿਤਾ ਵਰਮਾ ਨੇ ਗੋਲਡ, ਮਨਪ੍ਰੀਤ ਕੌਰ ਨੇ ਸਿਲਵਰ ਅਤੇ ਗਗਨਦੀਪ ਕੌਰ ਨੇ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ। ਇਨ੍ਹਾਂ ਮੁਕਾਬਲਿਆਂ ਵਿਚ ਓਵਰਆਲ ਟਰਾਫ਼ੀ ਕੋਟਾਂ ਕਾਲਜ ਨੇ ਜਿੱਤ ਕੇ ਇਲਾਕੇ ’ਚ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿਚ ਕਰਨਦੀਪ ਸਿੰਘ, ਅਮਨਦੀਪ ਸਿੰਘ, ਮਨੀਸ਼ ਕੁਮਾਰ, ਅੰਮ੍ਰਿਤਪਾਲ ਨੇ ਗੋਲਡ, ਸ਼ੁਭਮ ਤੇ ਅਦਿਤਿਆ ਨਾਰੰਗ ਨੇ ਸਿਲਵਰ, ਅਰੁਨ ਕੁਮਾਰ ਤੇ ਰਾਹੁਲ ਨੇ ਕਾਂਸੀ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਪ੍ਰਿੰਸੀਪਲ ਧਾਲੀਵਾਲ ਨੇ ਸ਼ਾਨਦਾਰ ਪ੍ਰਾਪਤੀ ’ਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਸਟਾਫ਼, ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।