ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਦਸੰਬਰ
ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਦੌਰਾਨ, ਜਿਹੜੀ ਪਾਰਟੀ ਹਿੰਦੂਆਂ ਦੇ ਹੱਕਾਂ ਦੀ ਗੱਲ ਕਰੇਗੀ, ਉਸ ਪਾਰਟੀ ਨੂੰ ਹਿੰਦੂ ਸਮਾਜ ਵੋਟ ਦੇਵੇਗਾ। ਇਹ ਗੱਲ ਸੰਯੁਕਤ ਹਿੰਦੂ ਮਹਾਸਭਾ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਿੰਦੂਆਂ ਦੀ ਆਬਾਦੀ 43 ਫ਼ੀਸਦੀ ਹੈ, ਜਿਸ ਪਾਸੇ ਹਿੰਦੂਆਂ ਦੀ ਵੋਟ ਜਾਵੇਗੀ, ਉਸਦੀ ਸਰਕਾਰ ਬਣੇਗੀ। ਆਪਣੀ ਸਰਕਾਰ ਨੂੰ ਵੀ ਇਸ ਮੌਕੇ ਅਸ਼ਵਨੀ ਸੇਖੜੀ ਨੇ ਕਟਿਹਰੇ ’ਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਵੀ ਪੰਜਾਬ ’ਚ ਹਿੰਦੂ ਭਾਈਚਾਰੇ ਨਾਲ ਮਤਰੇਇਆ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਪਰ ਹਿੰਦੂ ਧਰਮ ਨੂੰ ਬਣਦਾ ਸਨਮਾਨ ਨਹੀਂ ਮਿਲਦਾ। ਪੰਜਾਬ ’ਚ ਹਿੰਦੂਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਚੇਅਰਮੈਨ ਅਸ਼ਵਨੀ ਸੇਖੜੀ ਤੇ ਪ੍ਰਧਾਨ ਸਤੀਸ਼ ਮਲਹੋਤਰਾ ਨੇ ਕਿਹਾ ਕਿ ਕੋਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂ ਸਾਰਿਆਂ ਨੂੰ ਦਿੱਤੀ ਜਾਵੇ ਤਾਂ ਕਿ ਹਿੰਦੂ ਸਮਾਜ ਦੇ ਗਰੀਬ ਬੱਚਿਆਂ ਨੂੰ ਵੀ ਪੜ੍ਹਾਈ ਦਾ ਮੌਕਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਦੇ ਐਲਾਨ ਕੀਤੇ ਗਏ ਤਾਂ ਉਹ ਵੀ ਕਿਸਾਨਾਂ ਲਈ ਤੇ ਵੱਡੀਆਂ ਫੈਕਟਰੀਆਂ ਦੇ ਲਈ ਕੀਤੇ। ਸੇਖੜੀ ਨੇ ਕਿਹਾ ਕਿ ਮਹਾਸਭਾ ਨੂੰ ਕਿਸਾਨਾਂ ਜਾਂ ਵਪਾਰੀਆਂ ਤੋਂ ਪ੍ਰੇਸ਼ਾਨੀ ਨਹੀਂ ਹੈ, ਸਗੋਂ ਉਹ ਚਾਹੁੰਦੇ ਹਨ ਕਿ ਸਰਕਾਰ ਇਨ੍ਹਾਂ ਨੂੰ ਹੋਰ ਵੀ ਕੁਝ ਦੇਵੇ ਪਰ ਛੋਟੇ ਦੁਕਾਨਦਾਰਾਂ ਦਾ ਵੀ ਧਿਆਨ ਰੱਖਿਆ ਜਾਵੇ।