ਦੇਵਿੰਦਰ ਸਿੰਘ ਜੱਗੀ
ਪਾਇਲ, 13 ਅਕਤੂਬਰ
ਮਾਰਕੀਟ ਕਮੇਟੀ ਦੋਰਾਹਾ ਅਧੀਨ ਪੈਂਦੀ ਦਾਣਾ ਮੰਡੀ ਘਲੋਟੀ ਵਿੱਚ ਖੜ੍ਹੇ ਗੋਡੇ-ਗੋਡੇ ਪਾਣੀ ਨੇ ਸੂਬਾ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਝੋਨੇ ਦਾ ਸ਼ੀਜਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਦਾਣਾ ਮੰਡੀ ਦੀਆਂ ਦੋਵੇਂ ਫੜਾਂ ਵਿਚਕਾਰਲੇ ਰਾਹ ’ਤੇ ਪਾਣੀ ਖੜ੍ਹਾ ਹੋਇਆ ਹੈ। ਇਸੇ ਰਸਤੇ ਕਿਸਾਨਾਂ ਨੇ ਝੋਨੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਆਉਣਾ ਹੈ। ਮੰਡੀ ਵਿੱਚ ਬਣਿਆ ਸ਼ੈੱਡ ਵੀ ਪਾਣੀ ਨੇ ਘੇਰਿਆ ਹੋਇਆ ਹੈ ਅਤੇ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਪੁਖਤਾ ਪ੍ਰਬੰਧ ਨਹੀਂ ਕੀਤੇ। ਦਾਣਾ ਮੰਡੀ ਟੋਭੇ ਦਾ ਰੂਪ ਧਾਰਨ ਕਰ ਚੁੱਕੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਘਲੋਟੀ ਫੋਕਲ ਪੁਆਇੰਟ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਇੱਥੇ ਖਰੀਦ ਸਬੰਧੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਘਲੋਟੀ ਮੰਡੀ ਵਿੱਚ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਅੱਗੇ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਮੰਡੀ ਵਿੱਚ ਪਾਣੀ ਜਮ੍ਹਾਂ ਹੋ ਗਿਆ, ਜਿਸ ਨੂੰ ਟੈਂਕਰਾਂ ਰਾਹੀਂ ਜਲਦੀ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਤਾਇਨਾਤ ਸੁਪਰਵਾਈਜ਼ਰ ਨੇ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ।
ਫੂਡ ਸਪਲਾਈ ਵਿਭਾਗ ਦੇ ਚੇਅਰਮੈਨ ਵੱਲੋਂ ਖੰਨਾ ਮੰਡੀ ਦਾ ਦੌਰਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿੱਚ ਭਾਰਤ ਸਰਕਾਰ ਦੇ ਫੂਡ ਸਪਲਾਈ ਚੇਅਰਮੈਨ ਅਤੇ ਸੀਡੀਐਮ ਐਫਸੀਆਈ ਅਸ਼ੋਕ ਕੁਮਾਰ ਮੀਨਾ ਨੇ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਘਣਸ਼ਿਆਮ ਥੋਰੀ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਸ਼ਾਮਲ ਸਨ। ਸ੍ਰੀ ਮੀਨਾ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਤੁਰੰਤ ਖਰੀਦ ਹੋ ਸਕੇ। ਬੇਮੌਸਮੀ ਬਾਰਿਸ਼ ਹੋਣ ਕਰਕੇ ਝੋਨੇ ਵਿੱਚ ਨਮੀ ਦੀ ਮਾਤਰਾ ਵਧੀ ਹੈ, ਇਸ ਉਪਰ ਸਟੱਡੀ ਕਰਕੇ ਜੋ ਪਹਿਲਾਂ ਹੀ ਕੁਝ ਰੂਲ ਬਣੇ ਹੋਏ ਹਨ, ਉਨ੍ਹਾਂ ਵਿੱਚ ਕੁੱਝ ਵਾਜਬਿ ਬਦਲਾਅ ਕੀਤੇ ਜਾਣਗੇ, ਪਰ ਇਹ ਵਿਗਿਆਨਿਕ ਸਟੱਡੀ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ ਅਤੇ ਇਹ ਦੇਖਿਆ ਜਾਵੇਗਾ ਕਿ ਕਿੰਨੀ ਪ੍ਰਤੀਸ਼ਤ ਨਮੀ ਦੀ ਦਰ ਚੱਲ ਰਹੀ ਹੈ। ਉਨ੍ਹਾਂ ਕਿਹਾ ਐਫ.ਸੀ.ਆਈ ਦਾ ਮੁੱਖ ਆਦੇਸ਼ ਇਹ ਹੈ ਕਿ ਜੋ ਝੋਨੇ ਦੀ ਨਿਰਧਾਰਿਤ ਐਮਐਸਪੀ ਹੈ, ਉਸ ਅਨੁਸਾਰ ਕਿਸਾਨਾਂ ਤੋਂ ਖਰੀਦ ਕੀਤੇ ਝੋਨੇ ਦੀ ਅਦਾਇਗੀ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐਫਸੀਆਈ ਦੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਾਈ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਸ, ਐਸਡੀਐਮ ਮਨਜੀਤ ਕੌਰ, ਸਿਫਾਲੀ ਚੋਪੜਾ, ਤਹਿਸੀਲਦਾਰ ਨਵਦੀਪ ਭੋਗਲ, ਬੀਰਇੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਚੀਮਾ, ਹਰਬੰਸ ਸਿੰਘ ਰੋਸ਼ਾ ਹਾਜ਼ਰ ਸਨ।