ਪੱਤਰ ਪ੍ਰੇਰਕ
ਮਾਛੀਵਾੜਾ, 21 ਜੁਲਾਈ
ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਤਹਿਸੀਲ ਪ੍ਰਧਾਨ ਸਰਬਜੀਤ ਸਿੰਘ ਮਰੂਲਾ ਤੇ ਜਨਰਲ ਸਕੱਤਰ ਗੁਰਦਿਆਲ ਸਿੰਘ ਕਾਲੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ।
ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਯੂਨੀਅਨ ਦਾ ਵਫ਼ਦ ਪਿਛਲੇ 3 ਮਹੀਨਿਆਂ ’ਚ ਆਪਣੀਆਂ ਹੱਕੀ ਮੰਗਾਂ ਸਬੰਧੀ ਵੱਖ-ਵੱਖ ਮੰਤਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਵਲੋਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਜਿਨ੍ਹਾਂ ’ਚ ਹਰਿਆਣਾ ਪੈਟਰਨ ’ਤੇ ਮਾਣ ਭੱਤਾ 7500 ਰੁਪਏ ਦੇਣਾ, ਜਨਮ ਤੇ ਮੌਤ ਅਧਿਕਾਰ ਰਜਿਸਟਰ ਨੋਟੀਫਿਕੇਸ਼ਨ, ਦੋ ਵਰਦੀਆਂ, ਪੰਜ ਮਰਲੇ ਦਾ ਪਲਾਟ ਆਦਿ ਸ਼ਾਮਲ ਹਨ। ਪ੍ਰਧਾਨ ਨੀਲੋਂ ਨੇ ਕਿਹਾ ਕਿ ਪੇਂਡੂ ਚੌਕੀਦਾਰ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦੇ ਵਿਰੋਧ ’ਚ 30 ਜੁਲਾਈ ਨੂੰ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਦਾ ਘਿਰਾਓ ਕਰ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ, ਦੇਵੀ ਦਾਸ ਮਿਆਣੀ, ਰਛਪਾਲ ਸਿੰਘ ਬੰਡਰਸੋ, ਹਰਕੀਰਤ ਸਿੰਘ ਆਦਿ ਹਾਜ਼ਰ ਸਨ।