ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਅਗਰਵਾਲ ਪਰਿਵਾਰ ਮਿਲਣ ਸੰਘ ਦੇ ਮੈਂਬਰਾਂ ਨੇ ਅੱਜ ਸ਼ਹਿਰ ਦੇ ਜੱਸੀਆਂ ਰੋਡ ’ਤੇ ਮੀਟਿੰਗ ਕੀਤੀ ਤੇ ਫ਼ੈਸਲਾ ਲਿਆ ਗਿਆ ਕਿ ਅਗਰ ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜ ਅਗਰਸੈਨ ਦੀ ਜੈਅੰਤੀ ਮੌਕੇ ਪ੍ਰਾਈਵੇਟ ਸਕੂਲਾਂ ਨੇ ਸਰਕਾਰ ਦੇ ਛੁੱਟੀ ਦੇ ਫੈਸਲੇ ਦੇ ਬਾਵਜੂਦ ਛੁੱਟੀ ਨਾ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਅਗਰਵਾਲ ਪਰਿਵਾਰ ਮਿਲਣ ਸੰਘ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਿਲਣ ਸੰਘ ਦੇ ਪ੍ਰਧਾਨ ਸੁਨੀਲ ਜੈਨ ਮਿੱਤਲ ਨੇ ਦੱਸਿਆ ਕਿ ਮਹਾਰਾਜ ਅਗਰਸੈਨ ਜੀ ਦੀ 5176 ਵੀਂ ਜੈਅੰਤੀ ਮਹਾਂਉਤਸਵ ਵਜੋਂ ਸੂਬੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਮਨਾਈ ਜਾਂਦੀ ਹੈ। ਪੰਜਾਬ ਸਰਕਾਰ ਨੇ ਅਗਰਵਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਅਗਰਵਾਲ ਸਮਾਜ ਦੇ ਬੱਚੇ ਲਗਪਗ ਹਰ ਸਕੂਲ ਵਿੱਚ ਪੜ੍ਹਦੇ ਹਨ। ਇਸ ਸੰਬੰਧੀ ਅਗਰਵਾਲ ਪਰਿਵਾਰ ਮਿਲਣ ਸੰਘ ਦੇ ਵੱਲੋਂ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਗਈ ਕਿ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਇਸ ਦਿਨ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਨ ਦਾ ਹੁਕਮ ਦਿੱਤਾ ਜਾਵੇ।