ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 25 ਸਤੰਬਰ
ਬੰਗਾਲ ਦੀ ਮੁੱਖ ਮੰਤਰੀ ਅਤੇ ਸੱਤਾਧਾਰੀ ਧਿਰ ਦੀ ਮੁਖੀ ਬੀਬੀ ਮਮਤਾ ਬੈਨਰਜੀ ਦੇ ਨਾਂ ਉੱਪਰ ਪੰਜਾਬ ਵਿਚ ਕੁਝ ਲੋਕਾਂ ਵੱਲੋਂ ਫ਼ੰਡ ਉਗਰਾਹੇ ਜਾਣ ਦੀਆਂ ਸ਼ਿਕਾਇਤਾਂ ਬਾਅਦ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਇਕ ਅਪੀਲ ਰਾਹੀਂ ਸਾਵਧਾਨ ਕੀਤਾ ਗਿਆ ਹੈ, ਉੱਥੇ ਅਜਿਹੀਆਂ ਕਾਰਵਾਈਆਂ ਵਿਚ ਲੱਗੇ ਅਨਸਰਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਪਾਰਟੀ ਦੇ ਘੱਟ ਗਿਣਤੀ ਸੈੱਲ ਦੇ ਜਰਨਲ ਸਕੱਤਰ ਮਨਜੀਤ ਸਿੰਘ ਜੀਤਾ ਨੇ ਕੋਲਕਾਤਾ ਤੋਂ ਫ਼ੋਨ ਰਾਹੀਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਬਾਅਦ ਗ਼ਲਤ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਸੁਪਰੀਮੋ ਜਾਂ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਵਿਚ ਪਾਰਟੀ ਫ਼ੰਡ ਇਕੱਠਾ ਕਰਨ, ਬੈਂਕ ਖਾਤਾ ਖੋਲ੍ਹਣ ਜਾਂ ਖਾਤਾ ਚਲਾਉਣ ਲਈ ਕਿਸੇ ਨੂੰ ਅਧਿਕਾਰਤ ਨਹੀਂ ਕੀਤਾ ਗਿਆ ਹੈ ਅਤੇ ਪਾਰਟੀ ਵੱਲੋਂ ਕੋਈ ਚੰਦਾ ਜਾਂ ਮੈਂਬਰਸ਼ਿਪ ਦੀ ਉਗਰਾਹੀ ਦੀ ਕੋਈ ਆਗਿਆ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਯੂਥ ਵਿੰਗ ਦੇ ਸੂਬਾਈ ਜਨਰਲ ਸਕੱਤਰ ਸੌਮੀ ਤੁੰਗਵਾਲੀਆ ਅਤੇ ਮੀਤ ਪ੍ਰਧਾਨ ਜਗਮੋਹਣ ਸਿੰਘ ਨੇ ਪਿਛਲੇ ਸਮੇਂ ਵਿਚ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸ਼ਾਨਦਾਰ ਕੰਮ ਕੀਤਾ ਸੀ।