ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਗ਼ਦਰੀ ਬਾਬਾ ਭਾਨ ਸਿੰਘ ਯਾਦਗਾਰ ਹਾਲ ਸੁਨੇਤ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ 9 ਜੁਲਾਈ ਨੂੰ ਸੰਗਰੂਰ ਵਿੱਚ ਵਿੱਤ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਦਾ ਹਿੱਸਾ ਬਣਨ ਦਾ ਫ਼ੈਸਲਾ ਤੇ ਸੰਘਰਸ਼ੀ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਮੁਕੰਮਲ ਨਾ ਹੋਣ ’ਤੇ ਗੁਪਤ ਐਕਸ਼ਨ ਦੀ ਚਿਤਾਵਨੀ ਦਿੱਤੀ ਗਈ।
ਇਸ ਮੌਕੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ 8886 ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਦੌਰਾਨ ਰੈਗੂਲਰ ਦੀ ਆਪਸ਼ਨ ਲੈਣ ਦੇ ਬਾਵਜੂਦ ਕਥਿਤ ਤੌਰ ’ਤੇ ਪੱਖਪਾਤੀ ਢੰਗ ਨਾਲ ਸੰਘਰਸ਼ੀ ਪੰਜਾਬੀ ਅਧਿਆਪਕ ਹਰਿੰਦਰ ਸਿੰਘ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ (ਮੌਜੂਦਾ ਸਮੇਂ ਸਿੱਧੀ ਭਰਤੀ ਮੁੱਖ ਅਧਿਆਪਕਾ) ਦੇ ਰੋਕੇ ਰੈਗੂਲਰ ਆਰਡਰ ਸਿੱਖਿਆ ਮੰਤਰੀ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਜਾਰੀ ਨਾ ਹੋਣ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਮਾਮਲਾ ਹੱਲ ਨਾ ਕਰਨ ਦੇ ਰੋਸ ਵਜੋਂ 11 ਜੁਲਾਈ ਨੂੰ ਇੱਕ ਹਫ਼ਤੇ ਦਾ ਸੰਘਰਸ਼ੀ ਨੋਟਿਸ ਦੇਣ ਅਤੇ ਉਪਰੰਤ ਮੁਹਾਲੀ ਵਿੱਚ ਗੁਪਤ ਐਕਸ਼ਨ ਕਰਨ ਅਤੇ ਨੋਟਿਸ ਦੀ ਕਾਪੀ ਸਿੱਖਿਆ ਮੰਤਰੀ ਨੂੰ ਭੇਜਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਅਪਡੇਟ ਨਾ ਹੋਣ ਕਾਰਨ 5178, 8886 ਸਮੇਤ ਕਈ ਕਾਡਰਾਂ ਦੇ ਸੀਨੀਅਰ ਅਧਿਆਪਕਾਂ ਦਾ ਲੈਕਚਰਾਰ ਪ੍ਰਮੋਸ਼ਨ ਤੋਂ ਵਾਂਝਾ ਰਹਿਣ, ਮਾਸਟਰ ਅਤੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀਆਂ ਵਿੱਚ ਕਈ ਕਾਡਰਾਂ ਦੇ ਨਾਮ ਸ਼ਾਮਲ ਨਾ ਹੋਣ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ ਇਸ ਸਬੰਧੀ ਦੋਨੋਂ ਡੀਪੀਆਈਜ਼ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਡੀ.ਟੀ.ਐੱਫ. ਦੇ ਸੂਬਾਈ ਮੀਤ ਪ੍ਰਧਾਨ ਰਾਜੀਵ ਬਰਨਾਲਾ, ਪ੍ਰਿੰ. ਲਖਵਿੰਦਰ ਸਿੰਘ ਅਤੇ ਮਨੋਜ ਕੁਮਾਰ ਹਾਜ਼ਰ ਸਨ।