ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਗਸਤ
ਅੱਜ ਇਥੇ ਮੰਜਾ ਮਾਰਕੀਟ ਦੇ ਦੁਕਾਨਦਾਰਾਂ ਦਾ ਰੁਜ਼ਗਾਰ ਬੰਦ ਕਰਨ ’ਤੇ ਇਨ੍ਹਾਂ ਦੁਕਾਨਦਾਰਾਂ ਦਾ ਗੁੱਸਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਖ਼ਿਲਾਫ਼ ਫੁੱਟਿਆ। ਇਨ੍ਹਾਂ ਦੁਕਾਨਦਾਰਾਂ ਨੇ ਪੰਜਾਬ ਸਰਕਾਰ, ਕਾਰਜ ਸਾਧਕ ਅਫ਼ਸਰ ਤੇ ਵਿਧਾਇਕ ਮੁਰਦਾਬਾਦ ਲਿਖ ਕੇ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਰੇਹੜੀਆਂ ਫੜੀਆਂ ਲਾਉਣ ਦੀ ਇਜ਼ਾਜ਼ਤ ਨਾ ਦਿੱਤੀ ਤਾਂ ਪਰਿਵਾਰਾਂ ਸਮੇਤ ਜੀਟੀ ਰੋਡ ਜਾਮ ਕੀਤਾ ਜਾਵੇਗਾ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਕਬਜ਼ਿਆਂ ਦੀਆਂ ਤਸਵੀਰਾਂ ਵਾਇਰਲ ਕਰ ਕੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਸਿਰਫ਼ ਮੰਜਾ ਮਾਰਕੀਟ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੁਕਾਨਦਾਰ ਸੋਨੂੰ ਜੌਹਰ ਤੇ ਹੇਮਾ ਸਿੰਘ ਨੇ ਕਿਹਾ ਕਿ ਉਹ 35 ਦੇ ਕਰੀਬ ਨੌਜਵਾਨ ਹਨ, ਜਿਹੜੇ ਪਿਛਲੇ ਕਈ ਸਾਲਾਂ ਤੋਂ ਰੇਹੜੀਆਂ ਫੜੀਆਂ ਲਗਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ, ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਪਰਿਵਾਰ ਕਿਵੇਂ ਪਲਣਗੇ। ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਰੇਹੜੀਆਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਫਿਰ ਉੱਚਿਤ ਸਥਾਨ ਦਿੱਤਾ ਜਾਵੇ। ਇਸ ਦੌਰਾਨ ਦੁਕਾਨਦਾਰਾਂ ਨੇ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਤੋਂ ਮਹੀਨਾ ਵਸੂਲਣ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ, ਜੋ ਖੁਦ ਰੇਹੜੀ ਲਾਉਣ ਦਾ ਕੰਮ ਕਰਦਾ ਹੈ, ਉਹ ਬਾਕੀ ਦੁਕਾਨਦਾਰਾਂ ਤੋਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਸੂਲ ਕਰਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਦੇ ਤੰਗ ਨਹੀਂ ਕੀਤਾ ਗਿਆ। ਇਸ ਸਬੰਧੀ ਐੱਸਡੀਐੱਮ ਮਨਜੀਤ ਕੌਰ ਨੇ ਈਓ ਨੂੰ ਸਾਰਿਆਂ ਦੇ ਬਰਾਬਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਈ.ਓ ਗੁਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਕਬਜ਼ਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਹੁਣ ਤੱਕ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਗਿਆ।