ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 9 ਫਰਵਰੀ
ਚੋਣ ਖ਼ਰਚਾ ਅਬਜ਼ਰਵਰ ਹਲਕਾ ਅਮਰਗੜ੍ਹ ਉਮੇਸ਼ ਚੰਦਰਾਕਾਂਤ ਫਾਡੇ ਨੇ ਸਾਰੇ ਉਮੀਦਵਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਖ਼ਰਚਾ ਅਬਜ਼ਰਵਰ ਦੀ ਅਗਵਾਈ ਹੇਠ ਅਧਿਕਾਰੀਆਂ ਨੇ ਹਲਕਾ ਅਮਰਗੜ੍ਹ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਵੱਲੋਂ ਹੁਣ ਤੱਕ ਕੀਤੇ ਖ਼ਰਚੇ ਸਬੰਧੀ ਪੜਤਾਲ ਕਰ ਕੇ ਰਿਕਾਰਡ ਚੈੱਕ ਕੀਤੇ, ਜਿਨ੍ਹਾਂ ਵਿੱਚ ਛੋਟੀਆਂ-ਮੋਟੀਆਂ ਮਿਲੀਆਂ ਹਨ। ਸ੍ਰੀ ਫਾਡੇ ਨੇ ਦੱਸਿਆ ਕਿ ਕੁੱਝ ਉਮੀਦਵਾਰਾਂ ਵੱਲੋਂ ਕੀਤੀਆਂ ਛੋਟੀਆਂ ਗਲਤੀਆਂ ਦੇਖਣ ਤੋਂ ਬਾਅਦ ਉਮੀਦਵਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਸਾਰੇ ਖ਼ਰਚੇ, ਖ਼ਾਸ ਕਰਕੇ ਚੋਣ ਲਈ ਖੋਲ੍ਹੇ ਬੈਂਕ ਖਾਤੇ ਰਾਹੀਂ ਹੀ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਸੇ ਇੱਕ ਪਾਰਟੀ ਨੂੰ ਪੂਰੇ ਚੋਣ ਅਰਸੇ ਦੌਰਾਨ ਦਸ ਹਜ਼ਾਰ ਤੋਂ ਵੱਧ ਨਕਦ ਰਕਮ ਨਹੀਂ ਦਿੱਤੀ ਜਾਣੀ ਚਾਹੀਦੀ।
ਨਸ਼ੀਲੇ ਪਦਾਰਥ ਮਿਲਣ ’ਤੇ ਪੁਲੀਸ ਵੱਲੋਂ ਕਾਰਵਾਈ
ਮੰਡੀ ਅਹਿਮਦਗੜ੍ਹ: ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਘੱਟੋ-ਘੱਟ ਪੰਜ ਦਰਜਨ ਅਪਰਾਧੀ ਕਿਸਮ ਦੇ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਵਿਰੁੱਧ ਅਪਰਾਧ ਰੋਕੂ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਸੱਤ ਵਿਅਕਤੀਆਂ ਕੋਲੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥ ਮਿਲਣ ਦੇ ਦੋਸ਼ ਹੇਠ ਕੇਸ ਦਰਜ ਕੀਤੇ ਗਏ ਹਨ। ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਸਰਕਾਰੀ ਜਾਇਦਾਦ ਨੂੰ ਬਦਸੂਰਤ ਕਰਨ ਦੇ ਦੋਸ਼ ਹੇਠ ਵੀ ਤਿੰਨ ਕੇਸ ਦਰਜ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜ ਵਿਅਕਤੀਆਂ ਕੋਲੋਂ ਵੱਡੀਆਂ ਰਕਮਾਂ ਮਿਲਣ ਤੋਂ ਬਾਅਦ ਤਸਦੀਕ ਕਰ ਕੇ ਕੁੱਲ 8,11,750 ਰੁਪਏ ਦੀਆਂ ਰਕਮਾਂ ਵਾਪਸ ਕਰਵਾਈਆਂ ਗਈਆਂ ਹਨ। ਡੀਐੱਸਪੀ ਚੀਮਾ ਨੇ ਦੱਸਿਆ ਕਿ ਥਾਣਾ ਸਦਰ ਮੁਖੀ ਸੰਜੀਵ ਕਪੂਰ ਅਤੇ ਥਾਣਾ ਸਿਟੀ ਮੁਖੀ ਅਰਸ਼ਪ੍ਰੀਤ ਕੌਰ ਨੇ ਸੱਤ ਵਿਅਕਤੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਅਤੇ ਉਸਦਾ ਪਿਤਾ ਭੋਲਾ ਸਿੰਘ ਕੰਗਣਵਾਲ (75 ਕਿਲੋ ਭੁੱਕੀ, 20000 ਰੁਪਏ ਡਰੱਗ ਮਨੀ, ਇੱਕ ਸਵਿਫਟ ਕਾਰ), ਕੁਲਦੀਪ ਰਾਮ ਖਾਨਪੁਰ (1000 ਤੋਂ ਵੱਧ ਨਸ਼ੀਲੇ ਕੈਪਸੂਲ), ਕੇਵਲ ਸਿੰਘ ਖਾਨਪੁਰ (7 ਗ੍ਰਾਮ ਚਿੱਟਾ), ਸਵਰਨ ਸਿੰਘ ਛਪਾਰ (24 ਬੋਤਲਾਂ ਸ਼ਰਾਬ ਨਾਜਾਇਜ਼), ਮਨਜੀਤ ਕੌਰ ਕੰਗਣਵਾਲ (26 ਬੋਤਲਾਂ ਸ਼ਰਾਬ ਨਾਜਾਇਜ਼), ਕ੍ਰਿਸ਼ਨਾ ਕੰਗਣਵਾਲ (60 ਬੋਤਲਾਂ ਸ਼ਰਾਬ ਨਾਜਾਇਜ਼) ਵਜੋਂ ਹੋਈ ਹੈ ਜਦਕਿ 22120 ਲਿਟਰ ਲਾਹਣ ਵੱਖ-ਵੱਖ ਥਾਵਾਂ ਤੋਂ ਫੜ ਕੇ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਮੁਲਜ਼ਮਾਂ ਦੀ ਪਛਾਣ ਕੀਤੀ ਜਾਣੀ ਹੈ। -ਪੱਤਰ ਪ੍ਰੇਰਕ