ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਦਸੰਬਰ
ਇਥੇ ਗੁਰਦੁਆਰਾ ਮੈਹਿਦੀਆਣਾ ਸਾਹਿਬ ਵੱਲੋਂ ਸਵਰਗੀ ਬਾਬਾ ਜ਼ੋਰਾ ਸਿੰਘ ਲੱਖਾ ਦੇ ਉਪਰਾਲੇ ਸਦਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੇ ਆਲੌਕਿਕ ਨਗਰ ਕੀਰਤਨ ਦਾ ਮਾਛੀਵਾੜਾ ਸਾਹਿਬ ਪੁੱਜਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਸਵਰਗੀ ਬਾਬਾ ਜ਼ੋਰਾ ਸਿੰਘ ਲੱਖਾ ਨੇ ਕਰੀਬ ਢਾਈ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਸਾਲਾਨਾ 27ਵਾਂ ਨਗਰ ਕੀਰਤਨ ਉਨ੍ਹਾਂ ਦੇ ਗੱਦੀ ਨਸ਼ੀਨ ਬਾਬਾ ਕੁਲਵੰਤ ਸਿੰਘ ਦੇ ਯਤਨਾਂ ਸਦਕਾ 6-7 ਪੋਹ ਦੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ। ਇਹ ਨਗਰ ਕੀਰਤਨ ਉਹ ਸਫ਼ਰ ਤੈਅ ਕਰਦਾ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਹੱਕ-ਸੱਚ ਦੀ ਲੜਾਈ ਲੜਦੇ ਮੁਕਤਸਰ ਪਹੁੰਚੇ ਸਨ। ਇਹ ਨਗਰ ਕੀਰਤਨ ਪਰਿਵਾਰ ਵਿਛੋੜਾ ਸਾਹਿਬ, ਭੱਠਾ ਸਾਹਿਬ ਰੋਪੜ, ਦੁੱਗਰੀ, ਚਮਕੌਰ ਸਾਹਿਬ, ਕੀੜੀ ਅਫਗਾਨਾਂ, ਝਾੜ ਸਾਹਿਬ, ਪਵਾਤ ਤੋਂ ਹੋ ਕੇ ਮਾਛੀਵਾੜਾ ਸਾਹਿਬ ਪੁੱਜਿਆ ਜਿੱਥੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ, ਬਾਬਾ ਮੋਹਣ ਸਿੰਘ, ਕਥਾਵਾਚਕ ਭਾਈ ਇਕਨਾਮ ਸਿੰਘ ਨੇ ਸੰਗਤਾਂ ਸਮੇਤ ਸਵਾਗਤ ਕੀਤਾ। ਅੱਜ ਇਹ ਨਗਰ ਕੀਰਤਨ ਆਪਣੀ ਅਗਲੀ ਮੰਜ਼ਿਲ ਕਟਾਣਾ ਸਾਹਿਬ ਵੱਲ ਨੂੰ ਰਵਾਨਾ ਹੋ ਗਿਆ ਜਿਸ ’ਚ ਜਿੱਥੇ ਹਾਥੀ, ਘੋੜੇ, ਊਠ ਆਦਿ ਚੱਲ ਰਹੇ ਹਨ ਉੱਥੇ ਨਾਲ ਵਾਹਨਾਂ ’ਤੇ ਗੁਰੂ ਸਾਹਿਬ ਦੀ ਜੀਵਨੀ ਨਾਲ ਸਬੰਧਿਤ ਵੱਡ ਅਕਾਰੀ ਚਿੱਤਰ ਵੀ ਲਗਾਏ ਹੋਏ ਹਨ ਜਿਹੜੇ ਕਿ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਮਾਸਟਰ ਉਜਾਗਰ ਸਿੰਘ ਬੈਨੀਪਾਲ, ਹਰਜਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਕਾਹਲੋਂ, ਸੁਰਜੀਤ ਸਿੰਘ ਕਾਹਲੋਂ, ਉਜਾਗਰ ਸਿੰਘ ਕੈਨੇਡਾ, ਅਮਰੀਕ ਸਿੰਘ ਬੈਨੀਪਾਲ, ਗੁਰਨਾਮ ਸਿੰਘ ਕੌਂਸਲਰ, ਜਸਵੀਰ ਸਿੰਘ ਗਿੱਲ, ਪਰਮਜੀਤਮ ਸਿੰਘ, ਜਗਦੀਪ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ।