ਗਗਨਦੀਪ ਅਰੋੜਾ
ਲੁਧਿਆਣਾ, 6 ਜਨਵਰੀ
ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਦਾ ਹੌਾਸਲਾ ਵਧਾਉਣ ਲਈ ਨੂਰ ਮਹਿਲ ਤੋਂ ਚਾਰ ਦੋਸਤ ਪੈਦਲ ਹੀ ਦਿੱਲੀ ਲਈ ਨਿਕਲ ਪਏ। ਨੂਰ ਮਹਿਲ ਤੋਂ ਲੁਧਿਆਣਾ ਤੱਕ ਇਨ੍ਹਾਂ ਚਾਰ ਦੋਸਤਾਂ ਨੇ ਮੀਂਹ ਵਿਚ ਹੀ ਪੈਦਲ ਸਫ਼ਰ ਕੀਤਾ | ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਨੂਰ ਮਹਿਲ ਦੇ ਰਹਿਣ ਵਾਲੇ ਦੇਵਸ ਦੋਸਾਂਝ, ਹਨੀ ਸ਼ੇਰਗਿੱਲ, ਜਸਬੀਰ ਸਿੰਘ, ਮਨਪ੍ਰੀਤ ਦੋਸਾਂਝ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਤੇ ਰਿਸ਼ਤੇਦਾਰ ਵੀ ਕਈ ਦਿਨਾਂ ਤੋਂ ਦਿੱਲੀ ਵਿਚ ਧਰਨਿਆਂ ਵਿਚ ਬੈਠੇ ਹਨ| ਉਨ੍ਹਾਂ ਦਾ ਸਾਥ ਦੇਣ ਲਈ ਉਨ੍ਹਾਂ ਨੇ ਪੈਦਲ ਹੀ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ| ਉਨ੍ਹਾਂ ਦੱਸਿਆ ਕਿ ਉਹ ਲੋਕਾਂ ਨੂੰ ਕਿਸਾਨਾਂ ਦੇ ਇਸ ਅੰਦੋਲਨ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਹਨ। ਚਾਰੋਂ ਦੋਸਤ ਮੀਂਹ ਵਿਚ ਹੀ ਬਰਸਾਤੀਆਂ ਪਾ ਕੇ ਦਿੱਲੀ ਵੱਲ ਨੂੰ ਨਿਕਲੇ ਸਨ, ਰਸਤੇ ਵਿਚ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਗੱਡੀਆਂ ਰੋਕ ਕੇ ਦਿੱਲੀ ਛੱਡਣ ਲਈ ਕਹਿੰਦੇ ਹਨ ਪਰ ਉਹ ਉਨ੍ਹਾਂ ਨੂੰ ਆਪਣੇ ਮਿਸ਼ਨ ਪ੍ਰਤੀ ਜਾਗਰੂਕ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਉਨ੍ਹਾਂ ਦਾ ਸਫ਼ਰ 320 ਕਿੱਲੋਮੀਟਰ ਦਾ ਹੈ ਤੇ ਉਹ ਦੋ ਤਿੰਨ ਦਿਨਾਂ ਵਿਚ ਦਿੱਲ ਪੁੱਜ ਜਾਣਗੇ | ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਲੱਗੇ ਲੰਗਰਾਂ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਇੰਤਜ਼ਾਮਾ ਨੂੰ ਵੇਖ ਕੇ ਲੋਕ ਕਹਿੰਦੇ ਸਨ ਕਿ ਕਿਸਾਨ ਤਾਂ ਦਿੱਲੀ ਵਿਚ ਪਿਕਨਿਕ ਮਨਾਉਣ ਆਏ ਹਨ, ਉਨ੍ਹਾਂ ਨੂੰ ਜਵਾਬ ਦੇਣ ਲਈ ਹੀ ਉਹ ਪੈਦਲ ਹੀ ਆਪਣੇ ਪਿੰਡ ਤੋਂ ਦਿੱਲੀ ਲਈ ਨਿਕਲੇ ਹਨ।