ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਸਤੰਬਰ
ਨਗਰ ਕੌਂਸਲ ਦੇ ਸਾਬਕਾ ਕੌਂਸਲਰ ਜਗਦੀਸ਼ ਸਿੰਘ ਨੇ ਮਾਛੀਵਾੜਾ ਸ਼ਹਿਰ ’ਚੋਂ ਲੰਘਦੀ ਪ੍ਰਮੁੱਖ ਖੰਨਾ-ਨਵਾਂਸ਼ਹਿਰ ਮਾਰਗ ’ਤੇ ਨਿਯਮਾਂ ਤੋਂ ਉਲਟ ਜਾ ਕੇ ਚੱਲ ਰਹੀ ਨਾਜਾਇਜ਼ ਉਸਾਰੀ ਰੋਕਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਵੀ ਸ਼ਿਕਾਇਤ ਕੀਤੀ ਹੈ। ਸਾਬਕਾ ਕੌਂਸਲਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੇ ਪਲਾਟ ਦੇ ਬਿਲਕੁਲ ਨਾਲ ਇੱਕ ਵਿਅਕਤੀ ਵਲੋਂ ਲੋਕ ਨਿਰਮਾਣ ਵਿਭਾਗ ਵਲੋਂ ਜਾਰੀ ਸ਼ਰਤਾਂ ਦੇ ਉਲਟ ਜਾ ਕੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ ਖੰਨਾ-ਨਵਾਂਸ਼ਹਿਰ ਮਾਰਗ ’ਤੇ ਨਵੀਂ ਉਸਾਰੀ ਨਿਯਮਾਂ ਅਨੁਸਾਰ 33 ਫੁੱਟ ਛੱਡ ਕੇ ਕੀਤੀ ਜਾ ਸਕਦੀ ਹੈ ਪਰ ਉਕਤ ਵਿਅਕਤੀ ਵਲੋਂ ਨਿਯਮਾਂ ਦੇ ਉਲਟ ਜਾ ਕੇ ਇਹ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਨਗਰ ਕੌਂਸਲ ਵਲੋਂ ਰੋਕਿਆ ਨਹੀਂ ਜਾ ਰਿਹਾ ਹੈ। ਜਦੋਂ ਇਸ ਸਬੰਧੀ ਲੋੋਕ ਨਿਰਮਾਣ ਵਿਭਾਗ ਦੇ ਐੱਸਡੀਓ ਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਖੰਨਾ-ਨਵਾਂਸ਼ਹਿਰ ਮਾਰਗ ’ਤੇ 33 ਫੁੱਟ ਛੱਡ ਕੇ ਅਤੇ ਸਬੰਧਿਤ ਵਿਭਾਗਾਂ ਤੋਂ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਸੰਭਵ ਹੈ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਨੂੰ ਪੱਤਰ ਭੇਜਣਗੇ ਕਿ ਨਾਜਾਇਜ਼ ਉਸਾਰੀ ਰੁਕਵਾ ਕੇ ਇਸ ਨੂੰ ਢਾਹਿਆ ਜਾਵੇ।
ਘਰ ਦੀ ਕੰਧ ’ਤੇ ਬਗੈਰ ਸਹਿਮਤੀ ਲੈਂਟਰ ਪਾਉਣ ਦਾ ਦੋਸ਼
ਨਗਰ ਕੌਂਸਲ ਨੂੰ ਨੀਲਮ ਰਾਣੀ ਪਤਨੀ ਰਜਿੰਦਰ ਕੁਮਾਰ ਵਾਸੀ ਗਾਮੇ ਸ਼ਾਹ ਮੁਹੱਲਾ ਮਾਛੀਵਾੜਾ ਵਲੋਂ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਨ੍ਹਾਂ ਦੇ ਗੁਆਂਢੀ ਵਲੋਂ ਨਾਜਾਇਜ਼ ਢੰਗ ਨਾਲ ਉਸ ਦੀ ਕੰਧ ਦੇ ਕੁਝ ਭਾਗ ’ਤੇ ਲੈਂਟਰ ਪਾ ਕੇ ਨਾਜਾਇਜ਼ ਉਸਾਰੀ ਕੀਤੀ ਗਈ ਹੈ। ਨੀਲਮ ਰਾਣੀ ਨੇ ਨਗਰ ਕੌਂਸਲ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੀ ਕੰਧ ਉੱਪਰ ਜੋ ਨਾਜਾਇਜ਼ ਉਸਾਰੀ ਹੈ ਉਸ ਨੂੰ ਢਾਹਿਆ ਜਾਵੇ। ਇਸ ਸਬੰਧੀ ਨਗਰ ਕੌਂਸਲ ਵਲੋਂ ਕੰਧ ’ਤੇ ਨਾਜਾਇਜ਼ ਉਸਾਰੀ ਕਰਨ ਵਾਲੇ ਵਿਅਕਤੀ ਨੂੰ ਵੀ ਨੋਟਿਸ ਜਾਰੀ ਕਰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਜੋ ਕਿ ਨਹੀਂ ਆਇਆ। ਨਗਰ ਕੌਂਸਲ ਵਲੋਂ ਇਹ ਮਾਮਲਾ ਮਾਛੀਵਾੜਾ ਪੁਲੀਸ ਥਾਣਾ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।