ਪੱਤਰ ਪ੍ਰੇਰਕ
ਮਾਛੀਵਾੜਾ, 29 ਸਤੰਬਰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੀਆਂ ਲਗਪਗ 100 ਵਿਦਿਆਰਥਣਾਂ ਵੱਲੋਂ ਅਸਿਸਟੈਂਟ ਪ੍ਰੋ. ਹੋਮ ਸਾਇੰਸ ਡਾ. ਰਣਜੀਤ ਕੌਰ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦਾ ਦੌਰਾ ਕੀਤਾ ਗਿਆ। ਸੂਬਾ ਸਰਕਾਰ ਵੱਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਏ ਜਾਣ ਕਰਕੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਡਿਪਟੀ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਮੱਕੜ ਦੀ ਦੇਖ-ਰੇਖ ਹੇਠ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਡਾ. ਜਗਦੀਪ ਕੌਰ ਨੇ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣ ਅਤੇ ਸ਼ਹਿਦ ਦੀ ਪੌਸ਼ਟਿਕਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਪ੍ਰੇਰਨਾ ਕਪਿਲਾ ਅਤੇ ਡਾ. ਰਣਜੀਤ ਕੌਰ ਨੇ ਭੋਜਨ ਤੇ ਪੋਸ਼ਣ, ਔਰਤਾਂ ਦੇ ਪੋਸ਼ਣ, ਕੁਪੋਸ਼ਣ, ਅਨੀਮੀਆ ਬਾਰੇ ਦੱਸਿਆ। ਮਾਹਿਰਾਂ ਵੱਲੋਂ ਮੋਟੇ ਅਨਾਜਾਂ ਅਤੇ ਭੋਜਨ ਵਿੱਚ ਇਸਦੇ ਪੌਸ਼ਟਿਕ ਤੱਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਮੈਨੇਜਰ ਆਈ.ਐਫ.ਐਫ.ਸੀ.ਓ. ਗਗਨਦੀਪ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਕਿਚਨ ਗਾਰਡਨ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੀਆਂ ਕਿੱਟਾਂ, ਫਲਾਂ ਵਾਲੇ ਬੂਟੇ ਅਤੇ ਅਨੀਮੀਆ ਨਾਲ ਸਬੰਧਤ ਲਿਟਰੇਚਰ ਵੰਡਿਆ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ।