ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਪਰੈਲ
ਸਿੱਖਿਆ ਵਿਭਾਗ ਦੇ ਕਥਿਤ ਸਿੱਖਿਆ ਮਾਫੀਆ ਸਬੰਧੀ ਵਾਇਰਲ ਹੋਏ ਛੇ ਪੰਨਿਆਂ ਦੇ ‘ਖੁੱਲ੍ਹੇ ਖਤ’ ਸਬੰਧੀ ਤੱਥ ਜਾਨਣ ਲਈ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ‘ਤੱਥ ਖੋਜ ਕਮੇਟੀ’ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਖਤ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਕੀਤੀ ਗਈ। ਤੱਥ-ਖੋਜ ਕਮੇਟੀ ਦੇ ਕਨਵੀਨਰ ਡਾ. ਹਰਦੀਪ ਟੋਡਰਪੁਰ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਵਾਇਰਲ ‘ਖੁੱਲ੍ਹੇ-ਖਤ’ ਸਬੰਧੀ ਜਾਣਕਾਰੀ ਹਾਸਲ ਕਰਨ ਲਈ 14 ਅਪਰੈਲ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ। ਕਮੇਟੀ ਵੱਲੋਂ ਵਾਇਰਲ ਪੱਤਰ ਵਿੱਚ ਲਾਏ ਦੋਸ਼ਾਂ ਦੀ ਤਹਿ ਤੱਕ ਪੁੱਜਣ ਲਈ ਨਿਰਪੱਖ ਤਰੀਕੇ ਨਾਲ ਤੱਥਾਂ ਦੀ ਖੋਜ ਕਰੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਜਾਰੀ ਕੀਤੇ ਵਟਸਐਪ ਨੰਬਰ ਅਤੇ ਈਮੇਲ ਆਈਡੀ ’ਤੇ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ। ਇਨਾਂ ਜਾਣਕਾਰੀਆਂ ਰਾਹੀਂ ‘ਤੱਥ-ਖੋਜ ਕਮੇਟੀ’ ਨੂੰ ਆਪਣੀ ਰਿਪੋਰਟ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ ਅਤੇ ਤੇਜਿੰਦਰ ਸਿੰਘ ਕਪੂਰਥਲਾ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਪੁੱਜੇ।