ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੌਰਾਨ ਚੋਣ ਕਮਿਸ਼ਨ ਦੀ ਸਖ਼ਤ ਹਦਾਇਤ ਸੀ ਕਿ ਕਿਸੇ ਨੂੰ ਵੀ ਵੋਟ ਪਾਉਣ ਦੌਰਾਨ ਮੋਬਾਈਲ ’ਤੇ ਫੋਟੋ ਨਾ ਖਿੱਚਣ ਦਿੱਤੀ ਜਾਵੇ, ਪਰ ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ। ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਇਕੱਲੇ ਬੈਂਸ ਨੇ ਹੀ ਨਹੀਂ ਬਲਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥੱਕਾਂ ਤੋਂ ਇਲਾਵਾ ਹਲਕਾ ਪੱਛਮੀ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਗੋਗੀ ਦੇ ਨਜ਼ਦੀਕੀ ਸਾਥੀ ਤੇ ਸਾਬਕਾ ਕਾਂਗਰਸ ਰਾਜੀਵ ਗੁਗਲਾਨੀ ਨੇ ਵੀ ਉਡਾਈਆਂ। ਆਸ਼ੂ ਸਮਰਥਕਾਂ ਨੇ ਬੂਥ ਦੇ ਅੰਦਰ ਵੋਟ ਪਾਉਂਦੇ ਹੋਏ 12 ਸੈਕਿੰਡ ਦੀ ਵੀਡੀਓ ਤੱਕ ਬਣਾ ਦਿੱਤੀ। ਉਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਹੀ ਵੋਟ ਕਰਨ। ਗੋਗੀ ਦੇ ਸਾਥੀ ਰਾਜੀਵ ਗੁਗਲਾਨੀ ਨੇ ਵੀ ਆਪਣੀ ਵੋਟ ਪਾਉਂਦੇ ਹੋਏ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ। ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਸਵੇਰੇ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪੁੱਜੇ। ਉਨ੍ਹਾਂ ਵੋਟ ਪਾਉਣ ਦੌਰਾਨ ਖੁਦ ਨੂੰ ਵੋਟ ਪਾਉਣ ਦੀ ਫੋਟੋ ਖਿੱਚੀ ਅਤੇ ਉਸ ਤੋਂ ਬਾਅਦ ਉਸਨੂੰ ਆਪਣੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਉਸ ਤੋਂ ਬਾਅਦ ਆਸ਼ੂ ਸਮਰਥੱਕ ਦਿਵੇਸ਼ ਮੱਕੜ ਨੇ ਵੋਟਾਂ ਪਾਉਂਦੇ ਹੋਏ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ। ਇਸ ਬਾਰੇ ਡੀਸੀ ਤੁਰੰਤ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।