ਪੱਤਰ ਪ੍ਰੇਰਕ
ਮਾਛੀਵਾੜਾ, 29 ਅਕਤੂਬਰ
ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਤਹਿਤ ਕੁਸ਼ਤੀ ਮੁਕਾਬਲੇ ਕਰਵਾਏ ਗਏ। ਸਰਕਾਰ ਵੱਲੋਂ ਸਕੂਲਾਂ ਦੇ ਵਿਦਿਆਰਥੀ ਪਹਿਲਵਾਨਾਂ ਦੇ 17 ਤੋਂ 21 ਸਾਲ ਦੇ 125 ਕਿਲੋ ਵਜ਼ਨ ਵਾਲਿਆਂ ਦਾ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਸੂਬੇ ਦੇ 14 ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪਹਿਲਵਾਨਾਂ ਨੇ ਹਿੱਸਾ ਲਿਆ। ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਹੋਏ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਛੀਵਾੜਾ ਇਲਾਕੇ ਦੇ ਨਾਲ ਲੱਗਦੇ ਪਿੰਡ ਜੋਧਵਾਲ ਦੇ ਵਿਨੈ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੀ ਜਿੱਤ ਦੇ ਨਾਲ ਸਕੂਲ ਦੇ ਵਿਦਿਆਰਥੀਆਂ, ਸਟਾਫ਼ ਅਤੇ ਅਖਾੜੇ ਦੇ ਪਹਿਲਵਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਤੂਰ, ਪ੍ਰਿੰਸੀਪਲ ਹਰਿੰਦਰ ਪਾਲ ਕੌਰ ਤੂਰ, ਵਾਈਸ ਪ੍ਰਿੰਸੀਪਲ ਰੀਨਾ ਮਲਹੋਤਰਾ, ਸੁਖਦੇਵ ਸਿੰਘ, ਰਘਬੀਰ ਸਿੰਘ, ਪ੍ਰਕਾਸ਼ ਸਿੰਘ, ਰੁਪਿੰਦਰ ਕੌਰ ਨੇ ਵਿਨੈ ਦੀ ਸ਼ਲਾਘਾ ਕੀਤੀ।। ਉਸ ਦੇ ਉੱਜਵਲ ਭਵਿੱਖ ਲਈ ਸਾਰੇ ਹੀ ਸਟਾਫ਼ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਕਾਮਨਾ ਕੀਤੀ ਗਈ ਅਤੇ ਵਿਨੇ ਸ਼ਰਮਾ ਨੂੰ ਉਸ ਦੀ ਜਿੱਤ ਉੱਤੇ ਵਧਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਵਿਨੇ ਸ਼ਰਮਾ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ ਅਤੇ ਬਾਬਾ ਭਗਤੀ ਨਾਥ ਅਖਾੜਾ ਮਾਛੀਵਾੜਾ ਦੇ ਪਹਿਲਵਾਨ ਦਲਜੀਤ ਸਿੰਘ ਦਾ ਸ਼ਾਗਿਰਦ ਹੈ।
ਲਵਪ੍ਰੀਤ ਕੌਰ ਸੂਬਾ ਪੱਧਰੀ ਜਿਮਨਾਸਟਿਕ ਮੁਕਾਬਲੇ ਵਿੱਚੋਂ ਜੇਤੂ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਸੂਬਾ ਪੱਧਰੀ ਜਿਮਨਾਸਟਿਕ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸੰਜੇ ਸ਼ਾਰਦਾ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਦਿਆਰਥਣ ਲਵਪ੍ਰੀਤ ਨੂੰ 7 ਹਜ਼ਾਰ ਰੁਪਏ ਪ੍ਰਤੀ ਵਜ਼ੀਫਾ ਲਾਇਆ ਗਿਆ। ਸਕੂਲ ਪੁੱਜਣ ’ਤੇ ਵਿਦਿਆਰਥਣ ਨੂੰ ਸਕੂਲ ਸਟਾਫ ਅਤੇ ਇਲਾਕੇ ਦੇ ਲੋਕਾਂ ਵੱਲੋਂ ਸਨਮਾਨਤ ਕੀਤਾ ਗਿਆ। ਉਨ੍ਹਾਂ ਵਿਦਿਆਰਥਣ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸੰਜੀਵ ਕੁਮਾਰ, ਜਸਵਿੰਦਰ ਕੁਮਾਰ, ਦਿਨੇਸ਼ ਕੁਮਾਰ, ਰੁਪੇਸ਼ ਕੁਮਾਰ, ਅਮਨਪ੍ਰੀਤ ਕੌਰ, ਭੁਪਿੰਦਰ ਕੌਰ, ਰਛਪਾਲ ਕੌਰ, ਕੁਲਬੀਰ ਕੌਰ, ਜਯੋਤੀ ਠੁਕਰਾਲ ਹਾਜ਼ਰ ਸਨ।