ਪੱਤਰ ਪ੍ਰੇਰਕ
ਪਾਇਲ , 4 ਅਕਤੂਬਰ
ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਕੈਬਨਿਟ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਈਸੜੂ ਜ਼ੋਨ ਪਹੁੰਚਣ ਤੇ ਇਲਾਕੇ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ, ਵਰਕਰਾਂ ਤੇ ਸਰਪੰਚਾਂ-ਪੰਚਾਂ ਵੱਲੋਂ ਸਵਾਗਤ ਕੀਤਾ ਗਿਆ। ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਮਾਰੋਹ ਦੌਰਾਨ ਪੁੱਜੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨਾਲ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਚੇਅਰਮੈਨ ਯਾਦਵਿੰਦਰ ਸਿੰਘ, ਡਾਇਰੈਕਟਰ ਰਜਿੰਦਰ ਸਿੰਘ ਲੱਖਾ ਰੌਣੀ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਰੁਪਿੰਦਰ ਸਿੰਘ ਰਾਜਾ ਗਿੱਲ, ਪ੍ਰਧਾਨ ਬੇਅੰਤ ਸਿੰਘ ਜੱਸੀ, ਹਰਿੰਦਰ ਸਿੰਘ ਰਿੰਟਾਂ ਕਨੇਚ, ਜਸਵੀਰ ਸਿੰਘ ਜੱਸੀ ਸਮੇਤ ਹਲਕੇ ਦੀ ਲੀਡਰਸ਼ਿਪ ਹਾਜ਼ਰ ਸੀ। ਕੈਬਨਿਟ ਮੰਤਰੀ ਨੇ ਆਖਿਆ ਕਿ ਕਾਂਗਰਸ ਪਾਰਟੀ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ ਤੇ ਮੁਲਾਜ਼ਮਾਂ ਦੀ ਹਿਤੈਸ਼ੀ ਪਾਰਟੀ ਹੈ, ਜਿਸ ਨੇ ਗਰੀਬ ਪਰਿਵਾਰ ਵਿੱਚੋਂ ਜਨਮੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਵੱਡਮੁੱਲਾ ਮਾਣ ਬਖਸ਼ਿਆ ਹੈ।