ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 1 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਾਣੀ ਅਤੇ ਵਾਤਾਵਰਨ ਬਚਾਓ ਮੁਹਿੰਮ ਤਹਿਤ ਕਿਸਾਨ ਆਗੂਆਂ ਨੇ ਪੱਖੋਵਾਲ ਬਲਾਕ ਪਿੰਡ ਨਾਰੰਗਵਾਲ, ਕਾਲਖ, ਕੋਟ-ਆਗਾ ਸਮੇਤ ਹੋਰ ਪਿੰਡਾਂ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੂੰ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਖੇਤੀ ਦੇ ਕਾਰਪੋਰੇਟ ਪੱਖੀ ਹਰੇ ਇਨਕਲਾਬ ਦੀ ਆੜ ਹੇਠ ਪੰਜਾਬ ਦੀ ਸਿੱਧ-ਪੱਧਰੀ, ਵੰਨ-ਸੁਵੰਨਤਾ ਵਾਲੀ ਖੇਤੀ ਨੂੰ ਤਬਾਹ ਕਰ ਕੇ ਕਿਸਾਨਾਂ ਨੂੰ ਝੋਨੇ ਦੀ ਸਾੜ੍ਹਸਤੀ ਵਾਲੀ ਫ਼ਸਲ ਬੀਜਣ ਲਈ ਮਜਬੂਰ ਕੀਤਾ ਗਿਆ। ਇਸ ਲੋਕ ਵਿਰੋਧੀ ਖੇਤੀ ਮਾਡਲ ਨੇ ਖਾਦਾਂ, ਨਦੀਨ-ਨਾਸ਼ਕ ਅਤੇ ਕੀੜੇਮਾਰ ਦਵਾਈਆਂ, ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਦੇ ਸਾਮਰਾਜੀ ਤੇ ਕਾਰਪੋਰੇਟ ਮਾਲਕਾਂ ਨੂੰ ਵੱਡੇ ਮੁਨਾਫ਼ੇ ਦਿੱਤੇ। ਆਪਣੀਆਂ ਅਤੇ ਪੇਂਡੂ ਭਾਈਚਾਰੇ ਦੀਆਂ ਲੋੜਾਂ ਦੀ ਪੂਰਤੀ ਕਰ ਰਹੇ ਖੇਤੀ ਮਾਡਲ ਨੂੰ ਤਬਾਹ ਕਰ ਕੇ ਰੱਖ ਦਿੱਤਾ ਅਤੇ ਪੇਂਡੂ ਭਾਈਚਾਰੇ ਨੂੰ ਵੀ ਗੰਭੀਰ ਸੱਟ ਮਾਰੀ ਹੈ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ-ਮਜ਼ਦੂਰ ਮਾਰੂ ਖੇਤੀ ਮਾਡਲ ਖ਼ਿਲਾਫ਼ ਅਤੇ ਪਾਣੀ ਬਚਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ 6 ਜੂਨ ਤੋਂ 10 ਜੂਨ ਤੱਕ ਪਿੰਡਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ, ਸੱਥਾਂ, ਸਾਂਝੀਆਂ ਥਾਵਾਂ ’ਤੇ ਧਰਨੇ ਮਾਰ ਕੇ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਬਦਲਵੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਸਰਕਾਰੀ ਖ਼ਰੀਦ ਦੀ ਕਾਨੂੰਨੀ ਗਰੰਟੀ ਲਈ ਕਾਨੂੰਨ ਬਣਾਏ ਜਾਣ। ਬਰਸਾਤੀ ਪਾਣੀ, ਦਰਿਆਵਾਂ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੇ ਪ੍ਰਬੰਧ ਕੀਤੇ ਜਾਣ ਤੇ ਪਾਣੀਆਂ ਨੂੰ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂ ਚਰਨਜੀਤ ਸਿੰਘ ਫੱਲੇਵਾਲ ਆਦਿ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ।