ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੁਲਾਈ
ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਤੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਵਿਜੈ ਦਿਵਸ ਸਮਾਗਮ ਕਰਵਾਇਆ ਗਿਆ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਕੈਪਟਨ ਕੁਲਵੰਤ ਸਿੰਘ, ਕੈਪਟਨ ਮਲਕੀਅਤ ਸਿੰਘ ਵਾਲੀਆ, ਕੈਪਟਨ ਪ੍ਰੀਤਮ ਸਿੰਘ, ਜਗਜੀਤ ਸਿੰਘ ਅਰੋੜਾ ਅਤੇ ਮਨੋਹਰ ਸਿੰਘ ਨੇ ਸ਼ਹੀਦੀ ਯਾਦਗਾਰ ’ਤੇ ਫੁੱਲਾਂ ਦੇ ਹਾਰ ਅਰਪਿਤ ਕਰਕੇ ਸਲਾਮੀ ਦਿੱਤੀ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨਵੀਂ ਅਬਾਦੀ ਅਕਾਲਗੜ੍ਹ ਵੱਲੋਂ ਕਾਰਗਿਲ ਵਿਜੈ ਦਿਵਸ ਦੀ 23ਵੀਂ ਵਰ੍ਹੇਗੰਢ ਮੌਕੇ ਸੰਸਥਾ ਦੇ ਚੇਅਰਮੈਨ ਕਰਨਲ ਮੁਖ਼ਤਿਆਰ ਸਿੰਘ ਕੁਲਾਰ ਅਤੇ ਸੀਨੀਅਰ ਵਾਈਸ ਚੇਅਰਮੈਨ ਮੇਜਰ ਹੁਕਮ ਸਿੰਘ ਦੀ ਅਗਵਾਈ ਵਿਚ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜਥੇਬੰਦੀ ਵੱਲੋਂ ਮੁੱਖ ਬਾਜ਼ਾਰ ਵਿੱਚ ਪੈਦਲ ਤਿਰੰਗਾ ਯਾਤਰਾ ਕੱਢੀ ਗਈ। ਬੁਲਾਰਿਆਂ ਨੇ ਕਿਹਾ ਕਿ ਸਿੱਖ ਰਜਮੈਂਟ ਦੇ ਅਫ਼ਸਰਾਂ ਅਤੇ ਜਵਾਨਾਂ ਨੇ ਔਖੇ ਹਾਲਤਾਂ ਅੰਦਰ ਜੰਗ ਲੜਦਿਆਂ ਕਾਰਗਿਲ ਦੀਆਂ ਚੋਟੀਆਂ ਨੂੰ ਦੁਸ਼ਮਣ ਤੋਂ ਮੁਕਤ ਕਰਵਾ ਕੇ ਉੱਥੇ ਮੁੜ ਤਿਰੰਗਾ ਝੰਡਾ ਲਹਿਰਾਇਆ ਸੀ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਕਾਰਗਿਲ ਵਿਜੈ ਦਿਵਸ ਮੌਕੇ ਇੱਥੋਂ ਦੀਆਂ ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਇਲਾਕੇ ਦੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਐੱਸ ਐੱਸ ਜੈਨ ਸਭਾ ਦੇ ਆਹੁਦੇਦਾਰ ਅਜੈ ਜੈਨ ਨੇ ਦੱਸਿਆ ਕਿ ਰੋਟਰੀ ਕਲੱਬ ਦੇ ਪ੍ਰਧਾਨ ਡਾ. ਪੁਨੀਤ ਧਵਨ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਡਾ. ਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਵਿਕਟੋਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਵਿਚ ਸੈਮੀਨਾਰ ਕਰਵਾਏ ਗਏ। ਪਿੰਡ ਦਲੀਜ ਵਿੱਚ ਕਰਵਾਏ ਸਮਾਗਮ ਦੌਰਾਨ ਪਿੰਡ ਦੇ ਹੀ ਕਾਰਗਿਲ ਸ਼ਹੀਦ ਮੁਸ਼ਤਾਕ ਅਹਿਮਦ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।