ਟਬਿ੍ਰਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਅਗਸਤ
ਇਥੇ ਕਤਲ ਦੇ ਦੋਸ਼ ਹੇਠ ਥਾਣੇ ਵਿੱਚ ਬੰਦ ਦੋ ਮੁਲਜ਼ਮਾਂ ਵੱਲੋਂ ਗਾਰਡ ਰੂਮ ’ਚ ਬੈਠ ਕੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਮੁਲਜ਼ਮਾਂ ਨੇ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕਰ ਦਿੱਤਾ। ਵੀਡੀਓ ’ਚ ਇਕ ਪੁਲੀਸ ਮੁਲਾਜ਼ਮ ਵੀ ਆਰਾਮ ਨਾਲ ਮੰਜੇ ’ਤੇ ਪਿਆ ਦਿਖਾਈ ਦੇ ਰਿਹਾ ਹੈ ਤੇ ਮੁਲਜ਼ਮਾਂ ਨੂੰ ਵੀ ਮੰਜੇ ਦਿੱਤੇ ਹੋਏ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਜੋ ਵੀਡੀਓ ਬਣਾਈ ਹੈ, ਉਸ ਉਪਰ ‘‘ਜਿਸ ’ਤੇ 302 ਲੱਗ ਗਈ ਹੈ, ਮਿਲ ਜਾਣ ਦੇ ਜ਼ਮਾਨਤ ਤਾਂ ਹੱਥ ਜੁੜਵਾ ਦੇਵਾਂਗੇ’’ ਗਾਣਾ ਲਾਇਆ ਹੈ। ਇਹ ਵੀਡੀਓ ਥਾਣਾ ਕੂੰਮਕਲਾਂ ਦੀ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪਿੰਡ ਢੋਲਣਵਾਲ ’ਚ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਦਾ ਕਤਲ ਹੋਇਆ ਸੀ, ਜਿਸ ਮਾਮਲੇ ’ਚ ਮੁਲਜ਼ਮਾਂ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਸਨ। ਇਸ ਮਗਰੋਂ ਥਾਣਾ ਕੂੰਮਕਲਾਂ ਦੀ ਪੁਲੀਸ ਨੇ ਮਾਮਲੇ ’ਚ 21 ਲੋਕਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ 10 ਲੋਕ ਅਣਪਛਾਤੇ ਸਨ। ਇਸ ਤੋਂ ਇਲਾਵਾ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਬਾਕੀ ਦੇ ਹਾਲੇ ਵੀ ਫਰਾਰ ਹਨ।
ਜਾਣਕਾਰੀ ਮੁਤਾਬਿਕ ਜੇ ਕਿਸੇ ਅਪਰਾਧ ’ਚ ਮੁਲਜ਼ਮ ਗ੍ਰਿਫ਼ਤਾਰ ਹੁੰਦਾ ਹੈ ਤਾਂ ਉਸ ਨੂੰ ਹਵਾਲਾਤ ’ਚ ਬੰਦ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਮੁਲਜ਼ਮ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਂਦਾ ਹੈ, ਪਰ ਇਸ ਮਾਮਲੇ ’ਚ ਪੁਲੀਸ ਨੇ ਮੁਲਜ਼ਮਾਂ ਨੂੰ ਪੁਲੀਸ ਦੇ ਗਾਰਡ ਰੂਮ ’ਚ ਹੀ ਬਿਠਾ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਇਹ ਵੀਡੀਓ ਢੋਲਣਵਾਲ ਦੇ ਹੀ ਇੱਕ ਨੌਜਵਾਨ ਨੇ ਬਣਾਈ ਹੈ, ਜਿਸ ਦਾ ਭਰਾ ਇਸ ਕਤਲ ਦੇ ਮਾਮਲੇ ’ਚ ਕਾਬੂ ਕੀਤਾ ਗਿਆ ਸੀ ਅਤੇ ਉਹ ਉਸ ਨੂੰ ਥਾਣੇ ’ਚ ਖਾਣਾ ਦੇਣ ਲਈ ਆਇਆ ਸੀ। ਇਸ ਦੌਰਾਨ ਇਹ ਵੀਡੀਓ ਬਣਾਈ ਗਈ ਤੇ ਵਾਇਰਲ ਕਰ ਦਿੱਤੀ ਗਈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਪੁਲੀਸ ਥਾਣੇ ਦੀ ਸੁਰੱਖਿਆ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ ਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ ਹਨ।
ਮੇਰੇ ਕੋਲ ਕੋਈ ਵੀਡੀਓ ਨਹੀਂ ਆਈ: ਪੁਲੀਸ ਕਮਿਸ਼ਨਰ
ਜੁਆਇੰਟ ਪੁਲੀਸ ਕਮਿਸ਼ਨਰ ਰੂਰਲ ਡਾ. ਸਚਿਨ ਗੁਪਤਾ ਨੇ ਕਿਹਾ ਕਿ ਹਾਲੇ ਉਨ੍ਹਾਂ ਕੋਲ ਕੋਈ ਅਜਿਹੀ ਵੀਡੀਓ ਨਹੀਂ ਆਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਿਕ ਜੇਕਰ ਅਜਿਹੀ ਗੱਲ ਹੈ ਤਾਂ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ।