ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ 13 ਤੋਂ 20 ਅਕਤੂਬਰ ਤੱਕ ਯੁਵਕ ਮੇਲਾ ਕਰਵਾ ਰਹੀ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 13 ਅਕਤੂਬਰ ਤੋਂ 16 ਅਕਤੂਬਰ ਤੱਕ ਅਤੇ ਦੂਸਰਾ ਪੜਾਅ 18 ਤੋਂ 20 ਅਕਤੂਬਰ ਤਕ ਹੋਵੇਗਾ। ਇਹ ਜਾਣਕਾਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕਰੋਨਾ ਪਾਬੰਦੀਆਂ ਕਾਰਨ ਪਿਛਲੇ ਤਿੰਨ ਸਾਲ ਯੁਵਕ ਮੇਲਾ ਨਹੀਂ ਕਰਵਾਇਆ ਜਾ ਸਕਿਆ। ਡਾ. ਰਾਮਪਾਲ ਨੇ ਦੱਸਿਆ ਕਿ ਇਸ ਸਬੰਧੀ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਪ੍ਰਬੰਧਕੀ ਸਕੱਤਰ ਡਾ. ਏਪੀਐੱਸ ਬਰਾੜ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਪੜਾਅ ਵਿਚ ਵਿੱਚ 13 ਅਕਤੂਬਰ ਨੂੰ ਫੋਟੋਗ੍ਰਾਫੀ, ਕੁਇਜ਼, ਕਾਰਟੂਨ ਅਤੇ ਪੋਸਟਰ ਬਨਾਉਣ, 14 ਅਕਤੂਬਰ ਨੂੰ ਕੋਲਾਜ ਬਣਾਉਣ, ਕਲੇਅ ਮਾਡਲਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ, 15 ਅਕਤੂਬਰ ਨੂੰ ਰੰਗੋਲੀ, ਇੰਸਟਾਲੇਸ਼ਨ ਅਤੇ ਮੌਕੇ ’ਤੇ ਚਿੱਤਰਕਾਰੀ, 16 ਅਕਤੂਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ। ਦੂਸਰੇ ਪੜਾਅ ਵਿਚ 18 ਅਕਤੂਬਰ ਨੂੰ ਉਦਘਾਟਨ ਸਮਾਰੋਹ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ), 19 ਅਕਤੂਬਰ ਨੂੰ ਮਾਈਮ, ਸਕਿੱਟ, ਮਮਿੱਕਰੀ ਅਤੇ ਇਕਾਂਗੀ ਨਾਟਕ, 20 ਅਕਤੂਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਹੋਣਗੇ।