ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਰਾਜੇਸ਼ ਕਸਰੀਜਾ ਨੂੰ ਵੈਟਰਨਰੀ ਪਸਾਰ ਸਿੱਖਿਆ ਦੇ ਖੇਤਰ ਵਿਚ ਜ਼ਿਕਰਯੋਗ ਸੇਵਾਵਾਂ ਦੇਣ ਵਾਸਤੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਸਰਵਉੱਤਮ ਅਧਿਆਪਕ ਸਨਮਾਨ 2021 ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸੈਂਟਰ ਫਾਰ ਪ੍ਰੋਫੈਸ਼ਨਲ ਐਡਵਾਂਸਮੈਂਟ ਵਲੋਂ ਪ੍ਰਦਾਨ ਕੀਤਾ ਗਿਆ, ਜੋ ਕਿ ਕੌਮਾਂਤਰੀ ਬਹੁ-ਅਨੁਸ਼ਾਸਨੀ ਖੋਜ ਜਥੇਬੰਦੀ ਹੈ ਅਤੇ ਭਾਰਤ ਦੇ ਨੀਤੀ ਕਮਿਸ਼ਨ ਨਾਲ ਰਜਿਸਟਰਡ ਹੈ। ਡਾ. ਕਸਰੀਜਾ ਨੇ ਹੁਣ ਤੱਕ 6 ਕਿਤਾਬਾਂ, 43 ਖੋਜ ਪੱਤਰ, 46 ਖੋਜ ਸਾਰ ਸੰਖੇਪ, 153 ਪਸਾਰ ਲੇਖ ਅਤੇ ਹੋਰ ਵੀ ਮਹੱਤਵਪੂਰਨ ਖੋਜ ਸਮੱਗਰੀ ਆਪਣੇ ਖੇਤਰ ਵਿਚ ਤਿਆਰ ਕੀਤੀ ਹੈ। ਉਨ੍ਹਾਂ ਨੇ 3 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਦਿਸ਼ਾ ਨਿਰਦੇਸ਼ਨਾ ਵੀ ਕੀਤੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਵਿਚੋਂ ਐੱਮਵੀਐੱਸਸੀ ਕਰ ਚੁੱਕੇ ਵਿਦਿਆਰਥੀ ਡਾ. ਸੁਖਵਿੰਦਰ ਸਿੰਘ ਨੂੰ ਵੀ ਇਸੇ ਸੰਸਥਾ ਵਲੋਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਸਰਵਉੱਤਮ ਖੋਜਾਰਥੀ ਐਵਾਰਡ 2021 ਪ੍ਰਦਾਨ ਕੀਤਾ ਗਿਆ। ਡਾ. ਸੁਖਵਿੰਦਰ ਨੂੰ ਇਹ ਸਨਮਾਨ ਉਨ੍ਹਾਂ ਦੇ ਖੋਜ ਪੱਤਰ ਵਿਸ਼ੇ ‘ਪੰਜਾਬ ਵਿਚ ਬੱਕਰੀ ਪਾਲਕਾਂ ਨੂੰ ਸਿਖਲਾਈ ਦੀ ਲੋੜ’ ਸਬੰਧੀ ਵਿਸ਼ੇ ’ਤੇ ਦਿੱਤਾ ਗਿਆ।