ਛੁੱਟੀ ਤੋਂ ਬਾਅਦ ਦੇ ਸਮੇਂ ਅਤੇ ਸ਼ਨਿਚਰਵਾਰ ਨੂੰ ਲਾਈਆਂ ਜਾਣਗੀਆਂ ਮੁਫ਼ਤ ਕਲਾਸਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਿੱਚ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਵਿਸ਼ੇਸ਼ ਵਿਦਿਅਕ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਉਪ ਕੁਲਪਤੀ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁਖੀ ਡਾ. ਇੰਦਰਜੀਤ ਸਿੰਘ ਅਨੁਸਾਰ ਵਿਦਿਆਰਥੀਆਂ ਵਿਚ ਬੁਨਿਆਦੀ ਵਿਸ਼ਿਆਂ ਦੀ ਸੂਝ ਵਧਾਉਣ ਅਤੇ ਗਿਆਨ, ਕੌਸ਼ਲਤਾ ਅਤੇ ਵਿਸ਼ੇ ਪ੍ਰਤੀ ਪਕੜ ਨੂੰ ਮਜ਼ਬੂਤ ਕਰਨ ਹਿਤ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਸੰਸਥਾ ਵਿਕਾਸ ਯੋਜਨਾ ਦੇ ਮੁਖ ਨਿਰੀਖਕ ਅਤੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਵਿਦਿਆਰਥੀਆਂ ਦੇ ਪੁਸਤਕ ਅਤੇੇ ਪ੍ਰਯੋਗੀ ਗਿਆਨ ਵਿਚ ਰਹਿ ਗਈਆਂ ਖਾਮੀਆਂ ਅਤੇ ਤਰੁਟੀਆਂ ਨੂੰ ਪੂਰਿਆਂ ਕਰਨ ਲਈ ਇਹ ਕਾਰਜ ਆਰੰਭਿਆ ਗਿਆ ਹੈ।
ਡੀਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਡਾ. ਰਮਨੀਕ ਨੇ ਕਿਹਾ ਕਿ ਇਨ੍ਹਾਂ ਕਲਾਸਾਂ ਦਾ ਕੋਰਸ ਵੀ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਰੁਚੀ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਢੰਗ ਨਾਲ ਤਿਆਰ ਕੀਤਾ ਗਿਆ ਹੈ। ਕਲਾਸਾਂ ਦੇ ਕੋਆਰਡੀਨੇਟਰ ਡਾ. ਤੇਜਿੰਦਰ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਕਲਾਸਾਂ ਦੀ ਵਿਦਿਆਰਥੀਆਂ ਕੋਲੋਂ ਕੋਈ ਫ਼ੀਸ ਜਾਂ ਖਰਚ ਨਹੀਂ ਲਿਆ ਜਾਵੇਗਾ ਅਤੇ ਇਹ ਉਨ੍ਹਾਂ ਦੀ ਛੁੱਟੀ ਤੋਂ ਬਾਅਦ ਦੇ ਵਿਹਲੇ ਸਮੇਂ ਅਤੇ ਸ਼ਨਿੱਚਰਵਾਰ ਨੂੰ ਲਗਾਈਆਂ ਜਾਣਗੀਆਂ। ਇੰਚਾਰਜ ਡਾ. ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਚੁਣੇ ਗਏ ਛੇ ਵੱਖੋ-ਵੱਖਰੇ ਕੋਰਸਾਂ ਵਿਚ ਵਿਦਿਆਰਥੀਆਂ ਨੂੰ 25 ਘੰਟੇ ਦੀ ਕਿਤਾਬੀ ਅਤੇ ਪ੍ਰਯੋਗਿਕ ਸਿੱਖਿਆ ਦਿੱਤੀ ਜਾਵੇਗੀ। ਹਰ ਪੰਜ ਘੰਟੇ ਦੀ ਸਿੱਖਿਆ ਤੋਂ ਬਾਅਦ ਉਨ੍ਹਾਂ ਦੇ ਵਿਦਿਅਕ ਵਿਕਾਸ ਦੇ ਪੱਧਰ ਨੂੰ ਜਾਨਣ ਵਾਸਤੇ ਇਕ ਟੈਸਟ ਵੀ ਲਿਆ ਜਾਵੇਗਾ।
ਕੈਪਸ਼ਨ: ਵੈਟਰਨਰੀ ਯੂਨੀਵਰਸਿਟੀ ਵਿਚ ਲੱਗੀ ਇੱਕ ਵਿਸੇਸ਼ ਕਲਾਸ ਨੂੰ ਸੰਬੋਧਨ ਕਰਦੇ ਡਾ. ਰਮਨੀਕ। -ਫੋਟੋ: ਬਸਰਾ