ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਿਰਸ਼ਰੀਜ਼ ਕਾਲਜ ਵਿਖੇ ਅੰਡਰ-ਗ੍ਰੈਜੂਏਟ ਡਿਗਰੀ ਕਰ ਰਹੇ 20 ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਸਿਖਲਾਈ ਲੈਣ ਲਈ ਥਾਈਲੈਂਡ ਦੇ ਸੈਂਟਰ ਆਫ ਐਕਸੀਲੈਂਸ ਇਨ ਸੀ-ਫੂਡ ਸਾਇੰਸ ਐਂਡ ਇਨੋਵੇਸ਼ਨ ਸੰਸਥਾ ਵਿਖੇ ਦੋ ਹਫਤੇ ਲਈ ਭੇਜਿਆ ਗਿਆ। ਇਹ ਸਿਖਲਾਈ ਉਨ੍ਹਾਂ ਨੂੰ ਸੰਸਥਾ ਵਿਕਾਸ ਯੋਜਨਾ ਤਹਿਤ ਰਾਸ਼ਟਰੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਅਧੀਨ ਕਰਵਾਈ ਜਾ ਰਹੀ ਹੈ। ਇਸ ਸਿਖਲਾਈ ਦਾ ਪ੍ਰਬੰਧ ਕਰਨ ਲਈ ਡਾ. ਪ੍ਰਭਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਡਾ. ਪ੍ਰਭਜੀਤ ਸਿੰਘ ਨੂੰ ਵੀ ਦੋ ਹਫਤੇ ਦੀ ਵਿਸ਼ੇਸ਼ ਸਿਖਲਾਈ ਲੈਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਹ ਵਿਦਿਆਰਥੀਆਂ ਦੇ ਦੌਰਾ ਸੰਯੋਜਕ ਦੇ ਤੌਰ ’ਤੇ ਵੀ ਕਾਰਜ ਨਿਭਾਉਣਗੇ।
ਕਾਲਜ ਆਫ ਫਿਸ਼ਰੀਜ਼ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਇਹ ਵਿਦਿਆਰਥੀ ਇਸ ਸੰਸਥਾ ਵਿੱਚ ਸਮੁੰਦਰੀ ਜਲ ਜੀਵ ਭੋਜਨ ਦੀ ਪ੍ਰਾਸੈਸਿੰਗ ਅਤੇ ਗੁਣਵੱਤਾ ਵਧਾਉਣ ਦੇ ਕੰਮ ਨੂੰ ਸਿੱਖਣਗੇ। ਵੈਟਰਨਰੀ ਸਾਇੰਸ ਕਾਲਜ ਅਤੇ ਸੰਸਥਾ ਵਿਕਾਸ ਯੋਜਨਾ ਦੇ ਮੁੱਖ ਨਿਰੀਖਕ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਇਸ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਨਵੀਂ ਕੌਸ਼ਲ ਮੁਹਾਰਤ ਦੇਣ ਲਈ ਬਹੁਤ ਜ਼ਿਕਰਯੋਗ ਉਪਰਾਲੇ ਕਰ ਰਹੀ ਹੈ। ਵੈਟਰਨਰੀ, ਡੇਅਰੀ ਅਤੇ ਫਿਸ਼ਰੀਜ਼ ਦੇ ਪੇਸ਼ੇਵਰ, ਨਵੇਂ ਹੁਨਰ ਸਿੱਖ ਕੇ ਦੇਸ਼ ਦੇ ਪਸ਼ੂਧਨ ਅਤੇ ਮੱਛੀ ਪਾਲਣ ਖੇਤਰ ਵਿੱਚ ਹੋਰ ਨਿੱਗਰ ਯੋਗਦਾਨ ਪਾਉਣਗੇ।