ਸਤਵਿੰਦਰ ਬਸਰਾ
ਲੁਧਿਆਣਾ, 16 ਜੁਲਾਈ
ਵੈਟਰਨਰੀ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਇੱਕ ਹੋਰ ਵਿਦਿਆਰਥੀ ਦੇ ਮਰਨ ਵਰਤ ’ਤੇ ਬੈਠਣ ਨਾਲ ਹੁਣ ਤੱਕ ਮਰਨ ਵਰਤ ’ਤੇ ਬੈਠੇ ਵਿਦਿਆਰਥੀਆਂ ਦੀ ਗਿਣਤੀ ਦੋ ਹੋ ਗਈ ਹੈ। ਧਰਨਾ ਦੇਣ ਵਾਲੇ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਜਲਦੀ ਨਾ ਮੰਨੀ ਗਈ ਤਾਂ ਮਰਨ ਵਰਤ ’ਤੇ ਬੈਠਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਜਾਵੇਗੀ। ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਛੇ ਦਿਨਾਂ ਤੋਂ ਰੋਸ ਧਰਨਾ ਦੇ ਰਹੇ ਵਿਦਿਆਰਥੀ ਅੱਜ ਵੀ ਧਰਨੇ ’ਤੇ ਬੈਠੇ ਰਹੇ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਮਰਨ ਵਰਤ ’ਤੇ ਬੈਠੇ ਵਿਦਿਆਰਥੀ ਦੀ ਸਾਰ ਲੈਣ ਤੱਕ ਵੀ ਕੋਈ ਨਹੀਂ ਆਇਆ। ਬੀਤੇ ਦਿਨ ਭਾਵੇਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਐਸਡੀਐਮ ਆਏ ਸਨ ਪਰ ਉਨ੍ਹਾਂ ਵੱਲੋਂ ਵੀ ਕਥਿਤ ਤੌਰ ’ਤੇ ਕੋਈ ਠੋਸ ਤਸੱਲੀ ਨਹੀਂ ਦਿੱਤੀ ਗਈ ਸੀ। ਅੱਜ ਇਸ ਧਰਨੇ ਨੂੰ ਸ਼ੁਰੂ ਕੀਤਿਆਂ ਛੇ ਦਿਨ ਹੋ ਗਏ ਜਦਕਿ ਪਿਛਲੇ ਤਿੰਨ ਦਿਨਾਂ ਤੋਂ ਵਿਦਿਆਰਥੀ ਡਾ. ਸ਼ਿਵਮ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ। ਅੱਜ ਇੱਕੋ ਹੋਰ ਵਿਦਿਆਰਥੀ ਡਾ. ਸਤਨਾਮ ਸਿੰਘ ਵੀ ਮਰਨ ਵਰਤ ’ਤੇ ਬੈਠ ਗਿਆ ਹੈ।
ਮਰਨ ਵਰਤ ’ਤੇ ਬੈਠੇ ਵਿਦਿਆਰਥੀ ਦਾ ਭਾਰ ਦੋ ਕਿਲੋ ਦੇ ਕਰੀਬ ਘਟਿਆ
ਰੋਸ ਧਰਨੇ ਦੌਰਾਨ ਬੀਤੇ ਤਿੰਨ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਵਿਦਿਆਰਥੀ ਡਾ. ਸ਼ਿਵਮ ਸ਼ਰਮਾ ਦਾ ਭਾਰ ਕਰੀਬ ਦੋ ਕਿਲੋ ਤੱਕ ਘੱਟ ਗਿਆ ਹੈ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅੱਜ ਆਈ ਐਂਬੂਲੈਂਸ ਟੀਮ ਨੇ ਵਿਦਿਆਰਥੀ ਦਾ ਚੈਕਅਪ ਕੀਤਾ ਅਤੇ ਐਤਵਾਰ ਨੂੰ ਖੂਨ ਦੀ ਜਾਂਚ ਕਰਨ ਦਾ ਆਖ ਕੇ ਚਲੀ ਗਈ। ਧਰਨੇ ’ਤੇ ਬੈਠੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ’ਤੇ ਵੀ ਮਰਨ ਵਰਤ ’ਤੇ ਬੈਠੇ ਵਿਦਿਆਰਥੀਆਂ ਦੀ ਜਾਂਚ ਕਰ ਰਹੇ ਹਨ।