ਸਤਵਿੰਦਰ ਬਸਰਾ
ਲੁਧਿਆਣਾ, 10 ਜੂਨ
ਵੈਟਰਨਰੀ ਯੂਨੀਵਰਸਿਟੀ ਵਿਚ ਇੰਟਰਨਸ਼ਿਪ ਅਲਾਊਂਸ ਵਧਾਉਣ ਦੀ ਮੰਗ ਨੂੰ ਲੈ ਕਿ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਨੇ ਅੱਜ ਪੰਜਵੇਂ ਦਿਨ ਰੋਸ ਰੈਲੀ ਕੱਢੀ। ਇਸ ਦੌਰਾਨ ਕੁੱਝ ਸਮੇਂ ਲਈ ਡਾਕਟਰੀ ਸੇਵਾਵਾਂ ਵੀ ਠੱਪ ਰੱਖੀਆਂ ਗਈਆਂ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਮੰਗ ਨਹੀਂ ਮੰਨੀਂ ਜਾਂਦੀ, ਹੜਤਾਲ ਜਾਰੀ ਰੱਖੀ ਜਾਵੇਗੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇੰਟਰਨਸ਼ਿਪ ਅਲਾਊਂਸ ਵਧਾਉਣ ਦੀ ਮੰਗ ਨੂੰ ਲੈ ਕਿ ਰੋਸ ਪ੍ਰਗਟਾਅ ਰਹੇ ਹਨ ਪਰ ਅਫਸੋਸ ਸਰਕਾਰ ਵੱਲੋਂ ਅਜੇ ਤੱਕ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ।
ਉਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਰੋਸ ਰੈਲੀ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਬੈਨਰ ਅਤੇ ਪੋਸਟਰ ਵੀ ਫੜੇ ਹੋਏ ਸਨ। ਜਿਸ ਰਾਹੀਂ ਇਨ੍ਹਾਂ ਨੇ ਇਟਰਨਸ਼ਿਪ ਅਲਾਊਂਸ 6200 ਰੁਪਏ ਦੀ ਥਾਂ 17000 ਰੁਪਏ ਕਰਨ ਦੀ ਮੰਗ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਕੇਵੀਕੇ ਬਠਿੰਡਾ ਤੋਂ ਡਾਇਰੈਕਟਰ ਡਾ. ਏਐੱਸ ਧਾਲੀਵਾਲ ਅਤੇ ਗਡਵਾਸੂ ਟੀਚਰਜ਼ ਐਸੋਸੀਏਸ਼ਨ ਵੱਲੋਂ ਡਾ. ਏਪੀਐੱਸ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਇੱਥੇ ਦੱਸਣਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਬੀਤੇ ਦਿਨ ਜੁੱਤੀਆਂ ਪਾਲਿਸ਼ ਕਰਕੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਵਿਦਿਆਰਥੀਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਸੰਘਰਸ਼ ਦਾ ਰਾਹ ਫੜ ਕੇ ਇੰਟਰਨਸ਼ਿਪ ਅਲਾਊਂਸ ਵਧਾਉਣ ਦੀ ਮੰਗ ਕਰ ਰਹੇ ਹਨ ਤੇ ਇਸ ਦੌਰਾਨ ਕਈ ਢੰਗ ਨਾਲ ਰੋਸ ਼ਜ਼ਾਹਿਰ ਕਰ ਚੁੱਕੇ ਹਨ।