ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਪਰੈਲ
ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਇਕ ਕਾਰ, ਦੋ ਐਕਟਿਵਾ ਸਕੂਟਰ ਅਤੇ ਇਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਪੁਰਾਣਾ ਜਗਤਪੁਰਾ ਮੁਹੱਲਾ ਹੁਸ਼ਿਆਰਪੁਰ ਵਾਸੀ ਅਮਿਤ ਕੁਮਾਰ ਨੇ ਦੱਸਿਆ ਕਿ ਉਸ ਨੇ ਸਵੇਰ ਸਮੇਂ ਆਪਣੀ ਗੱਡੀ ਸਲੇਮ ਟਾਬਰੀ ਨੇੜੇ ਰੋਡ ਕਰਾਸਿੰਗ ਪੁੱਲ ਹੇਠਾਂ ਖੜ੍ਹੀ ਕੀਤੀ ਸੀ ਅਤੇ ਏਟੀਐਮ ਵਿੱਚੋਂ ਪੈਸੇ ਕਢਾਉਣ ਚਲਾ ਗਿਆ ਸੀ। ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਨਾਮਲੂਮ ਵਿਅਕਤੀ ਗੱਡੀ ਚੋਰੀ ਕਰ ਕੇ ਲਿਜਾ ਚੁੱਕੇ ਸਨ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਡਰੰਮਾਂ ਵਾਲਾ ਚੌਕ ਫੇਸ ਦੋ ਦੁੱਗਰੀ ਵਾਸੀ ਲੱਕੀ ਬਾਂਸਲ ਨੇ ਦੱਸਿਆ ਕਿ ਉਸ ਦਾ ਇਕ ਐਕਟਿਵਾ ਸਕੂਟਰ ਰਾਮ ਪਾਰਕ ਨੇੜਿਓਂ ਦੋ ਜਣੇ ਉਸ ਵਕਤ ਚੋਰੀ ਕਰਕੇ ਲੈ ਗਏ ਜਦੋਂ ਉਹ ਸੜਕ ਕਿਨਾਰੇ ਸਕੂਟਰ ਖੜ ਕਰਕੇ ਬਾਥਰੂਮ ਕਰ ਰਿਹਾ ਸੀ। ਇਸੇ ਤਰ੍ਹਾਂ ਸੈਕਟਰ 32ਏ ਚੰਡੀਗੜ੍ਹ ਰੋਡ ਵਾਸੀ ਅਮਿਤ ਡੰਗ ਨੇ ਦੱਸਿਆ ਕਿ ਉਸ ਦਾ ਐਕਟਿਵਾ ਸਕੂਟਰ ਉਸ ਦੇ ਘਰ ਬਾਹਰੋਂ ਚੋਰੀ ਹੋ ਗਿਆ ਹੈ। ਇਕ ਹੋਰ ਮਾਮਲੇ ਵਿੱਚ ਬਸੰਤ ਨਗਰ ਵਾਸੀ ਪ੍ਰਭਜੋਤ ਸਿੰਘ ਨੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੂੰ ਦੱਸਿਆ ਕਿ ਉਸ ਦਾ ਮੋਟਰਸਾਈਕਲ ਕ੍ਰਿਸ਼ਨਾ ਨਗਰ ਘੁਮਾਰ ਮੰਡੀ ਨੇੜਿਓਂ ਚੋਰੀ ਹੋ ਗਿਆ ਹੈ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕਣਕ ਚੋਰੀ ਦੇ ਦੋਸ਼ ਹੇਠ ਦੋ ਕਾਬੂ
ਮਾਛੀਵਾੜਾ (ਪੱਤਰ ਪ੍ਰੇਰਕ): ਇੱਥੋਂ ਦੀ ਪੁਲੀਸ ਨੇ ਕਣਕ ਚੋਰੀ ਕਰਨ ਦੇ ਦੋਸ਼ ਹੇਠ ਦੋ ਜਣਿਆਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ ਵਾਸੀ ਤਲਵੰਡੀ ਸੱਲਾ ਅਤੇ ਜਗਤਾਰ ਸਿੰਘ ਵਾਸੀ ਟਾਂਡਾ ਵਜੋਂ ਹੋਈ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀ ਸ਼ਕਤੀ ਆਨੰਦ ਦੀ ਦੁਕਾਨ ਤੋਂ 24 ਅਪਰੈਲ ਨੂੰ ਤੜਕੇ ਇੱਕ ਕੈਂਟਰ ਵਿਚ ਆਏ ਤਿੰਨ ਵਿਅਕਤੀਆਂ ਨੇ 85 ਬੋਰੀਆਂ ਕਣਕ ਦੀਆਂ ਚੋਰੀ ਕਰ ਲਈਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ 45 ਬੋਰੀਆਂ ਬਰਾਮਦ ਕਰ ਲਈਆਂ ਹਨ ਤੇ ਬਾਕੀ ਦੀਆਂ ਇਨ੍ਹਾਂ ਨੇ ਵੇਚ ਦਿੱਤੀਆਂ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੈਂਟਰ ਵੀ ਜ਼ਬਤ ਕਰ ਲਿਆ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਹੋਰ ਮੁਲਜ਼ਮਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।