ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਪਰੈਲ
ਸਬਜ਼ੀ ਮੰਡੀ ਜਗਰਾਉਂ ਦੇ ਠੇਕੇਦਾਰ ’ਤੇ ਪਾਰਕਿੰਗ ਫੀਸ ਨਾਜਾਇਜ਼ ਅਤੇ ਦੁੱਗਣੀ ਵਸੂਲਣ ਦਾ ਦੋਸ਼ ਹੈ। ਰੇਹੜੀ ਫੜ੍ਹੀ ਲਾਉਣ ਵਾਲੇ ਗਰੀਬ ਤਬਕੇ ਨੇ ਪਾਰਕਿੰਗ ਸਬੰਧੀ ਮਾਰਕੀਟ ਕਮੇਟੀ ਦੀ ਰੇਟ ਲਿਸਟ ਅਤੇ ਕੱਟੀਆਂ ਹੋਈਆਂ ਪਰਚੀਆਂ ਦਿਖਾਉਂਦਿਆਂ ਠੇਕੇਦਾਰ ’ਤੇ ਉਕਤ ਦੋਸ਼ ਲਾਏ ਹਨ। ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਅਮਰ ਅਤੇ ਹੋਰਾਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਸਾਈਕਲ ਅਤੇ ਮੋਟਰਸਾਈਕਲ ਦੀ ਪਾਰਕਿੰਗ ਨਹੀਂ ਬਣਦੀ ਪਰ ਠੇਕੇਦਾਰ 10 ਰੁਪਏ ਦੀ ਪਰਚੀ ਕੱਟ ਰਿਹਾ ਹੈ। ਤਿੰਨ ਪਹੀਆ ਵਾਹਨ ਦੇ ਮਾਰਕੀਟ ਕਮੇਟੀ ਨੇ ਪਾਰਕਿੰਗ ਠੇਕੇ ’ਚ 10 ਰੁਪਏ ਤੈਅ ਕੀਤੇ ਹਨ ਪਰ ਇਹ ਦੁੱਗਣੇ (20 ਰੁਪਏ) ਵਸੂਲੇ ਜਾ ਰਹੇ ਹਨ। ਉਹ ਠੇਕੇਦਾਰ ਕੋਲ ਵਿਰੋਧ ਕਰਦੇ ਹਨ ਤਾਂ ਅੱਗੋਂ ਗੱਲ ਸੁਣਨ ਦੀ ਥਾਂ ਉਲਟਾ ਧਮਕਾਇਆ ਜਾਂਦਾ ਹੈ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਵੀ ਕਈ ਵਾਰ ਗੱਲਬਾਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਰੇਟ ਲਿਸਟ ’ਚ ਹਰ ਚੀਜ਼ ਦਾ ਰੇਟ ਲਿਖਿਆ ਹੋਇਆ ਹੈ, ਜਿਸ ਬਾਰੇ ਇਹ ਲੋਕ ਠੇਕੇਦਾਰ ’ਤੇ ਦੁੱਗਣੇ ਰੁਪਏ ਵਸੂਲਣ ਦਾ ਦੋਸ਼ ਮੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗਰੀਬ ਦਿਹਾੜੀਦਾਰ ਲੋਕ ਹਨ ਅਤੇ ਰੋਜ਼ਾਨਾ ਸਬਜ਼ੀ ਮੰਡੀ ’ਚੋਂ ਖਰੀਦ ਫਰੋਖਤ ਕਰਕੇ ਪਿੰਡ-ਪਿੰਡ ਅਤੇ ਗਲੀ-ਗਲੀ ਘੁੰਮ ਕੇ ਸਬਜ਼ੀ ਫਲ ਵੇਚ ਕੇ ਗੁਜ਼ਾਰਾ ਕਰਦੇ ਹਨ। ਮਸਲਾ ਹੱਲ ਨਾ ਹੋਣ ’ਤੇ ਧਰਨਾ ਦੇਣ ਦੀ ਤਾੜਨਾ ਕਰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਦੇ ਨਿਯੁਕਤ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਚੇਅਰਮੈਨ ਗਰੇਵਾਲ ਤੋਂ ਮੰਗ ਕੀਤੀ ਕਿ ਉਹ ਦਖ਼ਲ ਦੇ ਕੇ ਗਰੀਬ ਵਰਗ ਦੀ ਲੁੱਟ ਬੰਦ ਕਰਵਾਉਣ।
ਠੇਕੇਦਾਰ ਗਲਤ ਹੋਇਆ ਤਾਂ ਬਖਸ਼ਿਆ ਨਹੀਂ ਜਾਵੇਗਾ: ਚੇਅਰਮੈਨ ਗਰੇਵਾਲ
ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਮਾਮਲਾ ਹੁਣੇ ਆਇਆ ਹੈ। ਜੇਕਰ ਠੇਕੇਦਾਰ ਕੁਝ ਵੀ ਗਲਤ ਕਰਦਾ ਹੋਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸੈਕਟਰੀ ਜਸ਼ਨਦੀਪ ਸਿੰਘ ਦਾ ਕਹਿਣਾ ਸੀ ਕਿ ਉਹ ਰਿਕਾਰਡ ਚੈੱਕ ਕਰਕੇ ਹੀ ਰੇਟ ਲਿਸਟ ਬਾਰੇ ਸਹੀ ਜਾਣਕਾਰੀ ਦੇ ਸਕਦੇ ਹਨ। ਮਿਥੇ ਰੇਟ ਤੋਂ ਵਧੇਰੇ ਪਾਰਕਿੰਗ ਵਸੂਲੇ ਜਾਣ ਦੀ ਗੱਲ ਸਾਹਮਣੇ ਆਉਣ ’ਤੇ ਉਹ ਕਾਰਵਾਈ ਕਰਨ ’ਚ ਦੇਰੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੀੜਤ ਲੋਕ ਉਨ੍ਹਾਂ ਕੋਲ ਸ਼ਿਕਾਇਤ ਕਰ ਸਕਦੇ ਹਨ।