ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਫਰਵਰੀ
ਪੀਏਯੂ ਦੇ ਵਾਈਸ ਚਾਂਸਲਰ, ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਡੀਕੇ ਤਿਵਾੜੀ ਨੇ ਅੱਜ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਵਾਈਸ ਚਾਂਸਲਰ ਸੈਂਟਰ ਤੋਂ ਸਿਖਲਾਈ ਹਾਸਲ ਕਰ ਰਹੇ ਖੇਤੀ ਉੱਦਮੀਆਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਦਾ ਯੁੱਗ ਰਵਾਇਤੀ ਖੇਤੀ ਦੀ ਥਾਂ ਨਵੀਨ ਤਰੀਕਿਆਂ ਨੂੰ ਅਪਣਾ ਕੇ ਸਵੈ-ਮੰਡੀਕਰਨ ਅਤੇ ਉਤਪਾਦਾਂ ਦੀ ਤਿਆਰੀ ਪ੍ਰਤੀ ਵਿਸ਼ੇਸ਼ ਮੁਹਾਰਤ ਦਾ ਦੌਰ ਹੈ। ਉਨ੍ਹਾਂ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ੍ਰੀ ਤਿਵਾੜੀ ਨੇ ਖੇਤੀ ਉੱਦਮੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਕੁਝ ਸੁਝਾਅ ਦਿੱਤੇ ਅਤੇ ਨਾਲ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਇੱਛਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।