ਸਤਵਿੰਦਰ ਬਸਰਾ
ਲੁਧਿਆਣਾ, 26 ਮਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਹੱਕੀ ਮੰਗਾਂ ਮਨਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਨੂੰ ਅੱਜ 6 ਮਹੀਨੇ ਪੂਰੇ ਹੋਣ ’ਤੇ ਅੱਜ ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਵੱਖ ਵੱਖ ਸੰਗਠਨ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆਏ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਅੱਜ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾ ਨੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਰੇਲਵੇ ਫਾਟਕ ਚੌਕ ਸੁਨੇਤ ਵਿੱਚ ਪੁਤਲਾ ਫੂਕਿਆ ਗਿਆ। ਇੱਥੇ ਵੱਡੀ ਗਿਣਤੀ ਵਿੱਚ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੇ ਵੀ ਪੂਰਨ ਸਮਰਥਨ ਦਿੱਤਾ। ਇਸ ਸਮੇਂ ਲੋਕ ਆਗੂ ਜਸਵੰਤ ਜੀਰਖ ਨੇ ਮੋਦੀ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਨੂੰ ਦੇਸ਼ ਉਜਾੜੂ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕੇ ਇਹ ਸਰਕਾਰ ਦੇਸ਼ ਦੇ ਕਮਾਊ ਸਰਕਾਰੀ ਅਦਾਰਿਆਂ ਨੂੰ, ਅਡਾਨੀ-ਅੰਬਾਨੀ ਤੇ ਵੱਡੇ ਪੂੰਜੀਪਤੀਆਂ/ਕਾਰਪੋਰੇਟਾਂ ਦੇ ਨਿੱਜੀ ਹੱਥਾਂ ਵਿਚ ਵੇਚਕੇ ਦੇਸ਼ ਨੂੰ ਉਨ੍ਹਾਂ ਦੇ ਰਹਿਮੋ ਕਰਮ ’ਤੇ ਚਲਾਉਣ ਵੱਲ ਧੱਕ ਰਹੀ ਹੈ। ਕਰੋਨਾਂ ਨੂੰ ਜਿੱਥੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕੀ ਘੋਲਾਂ ਨੂੰ ਖਤਮ ਕਰਨ ਲਈ ਹਥਿਆਰ ਦੇ ਤੌਰ ’ਤੇ ਵਰਤ ਰਹੀ ਹੈ, ਉੱਥੇ ਵੱਡੇ ਮਾਲਾਂ ਦੇ ਮਾਲਕਾਂ ਨੂੰ ਮਾਲੋਮਾਲ ਕਰਨ ਲਈ ਲੋਕਾਂ ਦੇ ਛੋਟੇ ਕਾਰੋਬਾਰ ਉਜਾੜਨ ਲੱਗੀ ਹੋਈ ਹੈ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਲੁਧਿਆਣਾ ਇਕਾਈਆਂ, ਨੌਜਵਾਨ ਸਭਾ ਬੀਆਰਐੱਸ ਨਗਰ, ਮਹਾ ਸਭਾ ਲੁਧਿਆਣਾ ਦੇ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਰਾਏਕੋਟ ਦੇ ਤਾਜਪੁਰ ਚੌਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡਾਇਰੈਕਟਰ ਜਗਤਾਰ ਸਿੰਘ, ਡਾਇਰੈਕਟਰ ਬਲਵੰਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ, ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਿੱਤ ਪ੍ਰਾਪਤ ਕਰਕੇ ਹੀ ਆਪਣੇ ਘਰਾਂ ਨੂੰ ਪਰਤਣਗੇ।
ਮਾਛੀਵਾੜਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵਿਧਾਇਕ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਨੇ ਆਪਣੇ ਘਰ ’ਤੇ ਕਾਲਾ ਝੰਡਾ ਲਹਿਰਾਉਣ ਸਮੇਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲ ਵਿਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ ਅਤੇ ਭਵਿੱਖ ਵਿਚ ਵੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ, ਕਿਸਾਨਾਂ ਦਾ ਮਾਲੀਆ ਮੁਆਫ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਸਰਕਾਰ ਨੇ ਕੀਤੀ ਹੈ, ਉਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੀ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਅੱਜ ਟਿੱਬਾ ਰੋਡ ’ਤੇ ਹਲਕਾ ਪੂਰਬੀ ਵਿੱਚ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸਾਥੀਆ ਸਮੇਤ ਕਿਸਾਨਾਂ ਵੱਲੋਂ ਦਿੱਤੇ ਕਾਲਾ ਦਿਵਸ ਮਨਾਉਣ ਦੇ ਸੱਦੇ ’ਤੇ ਕਾਲੇ ਝੰਡੇ ਲਹਿਰਾਏ। ਭੋਲਾ ਗਰੇਵਾਲ ਨੇ ਕਿਹਾ ਕਿ ਇਸ ਸੱਦੇ ਤਹਿਤ ਉਨ੍ਹਾਂ ਨੇ ਅੱਜ ਆਪਣੇ ਘਰ, ਆਫਿਸ, ਗੱਡੀਆਂ ’ਤੇ ਕਾਲੇ ਝੰਡੇ ਲਹਿਰਾ ਕਿ ਕਿਸਾਨਾਂ ਦਾ ਸਮਰਥਨ ਕੀਤਾ।
ਕੁੱਪ ਕਲਾ (ਕੁਲਵਿੰਦਰ ਸਿੰਘ ਗਿੱਲ): ਕਿਸਾਨੀ ਸੰਘਰਸ਼ ਦੇ 6 ਮਹੀਨੇ ਬੀਤਣ ’ਤੇ ਕਿਸਾਨ ਵੀਰਾਂ ਅਤੇ ਬੀਬੀਆਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੁੱਪ ਕਲਾਂ ਦਾਣਾ ਮੰਡੀ ’ਚ 18 ਪਿੰਡਾਂ ਦੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਜਿੰਦਰ ਸਿੰਘ ਭੋਗੀਵਾਲ, ਅਮਰਜੀਤ ਸਿੰਘ ਧਲੇਰ, ਜਗਤਾਰ ਸਿੰਘ ਸਰੌਦ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਕੁੱਪ ਕਲਾਂ ਵਿੱਚ ਕਰੀਬ ਅਠਾਰਾਂ ਪਿੰਡਾਂ ਦੇ ਕਿਸਾਨਾਂ ਅਤੇ ਪ੍ਰਿੰਸੀਪਲ ਸਪਿੰਦਰਜੀਤ ਕੌਰ ਕੁੱਪ ਕਲਾ ਦੀ ਅਗਵਾਈ ’ਚ ਹਰਬੰਸ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਬੀਬੀਆਂ ਨੇ ਕਾਲੇ ਝੰਡੇ ਲਹਿਰਾ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ।
ਪਾਇਲ (ਦਵਿੰਦਰ ਜੱਗੀ): ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਦੀ ਅਗਵਾਈ ਵਿੱਚ ਖੰਨਾ-ਮਾਲੇਰਕੋਟਲਾ ਮੁੱਖ ਸੜਕ ’ਤੇ ਸਥਿਤ ਪਿੰਡ ਫਤਹਿਪੁਰ ਵਿੱਚ ਕਾਲੀਆਂ ਝੰਡੀਆਂ ਲੈ ਕੇ ਰੋਸ ਵਿਖਾਵਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ।
ਰੋਸ ਵਜੋਂ ਸਮਰਾਲਾ ਬਾਰ ਦੇ ਵਕੀਲਾਂ ਵੱਲੋਂ ਕੰਮ ਠੱਪ
ਸਮਰਾਲਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਅੱਜ ਸਥਾਨਕ ਬਾਰ ਐਸੋਸੀਏਸ਼ਨ ਨੇ ਪ੍ਰਧਾਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਇਕ ਮਤਾ ਪਾਸ ਕਰਦੇ ਹੋਏ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਬਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ ਵਕੀਲਾਂ ਨੇ ਸਮਰਾਲਾ ਕੋਰਟ ਵਿੱਚ ਕੰਮਕਾਜ ਮੁਕੰਮਲ ਬੰਦ ਰੱਖਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਐਡਵੋਕੇਟ ਵਿਪਿਨ ਖੇੜਾ, ਗੁਰਜੀਤ ਸਿੰਘ ਮਿੱਠੇਵਾਲ, ਸਰਬਜੀਤ ਸਿੰਘ ਸੇਖੋਂ, ਅਮਿਤ ਸੱਦੀ, ਸਤਿੰਦਰਮੋਹਨ ਸਿੰਘ, ਮਨਿੰਦਰਪਾਲ ਸਿੰਘ, ਅਵਨਿੰਦਰ ਸਿੰਘ ਗਿੱਲ, ਉੱਤਮ ਚੰਦ ਅਤੇ ਅਭੀ ਖੇੜਾ ਸਮੇਤ ਬਾਕੀ ਵਕੀਲ ਵੀ ਹਾਜ਼ਰ ਸੀ।
ਬਿਜਲੀ ਕਾਮਿਆਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ
ਗੁਰੂਸਰ ਸੁਧਾਰ (ਸੰਤੋਖ ਗਿੱਲ): ਲਲਤੋਂ ਕਲਾਂ ਮੰਡਲ ਦੇ ਬਿਜਲੀ ਕਾਮਿਆਂ ਨੇ ਟੀ.ਐੱਸ.ਯੂ ਦੀ ਅਗਵਾਈ ਵਿਚ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਦੀ ਮੋਦੀ ਹਕੂਮਤ ਦੀ ਅਰਥੀ ਫੂਕੀ। ਲਲਤੋਂ ਕਲਾਂ ਮੰਡਲ ਅਧੀਨ ਵੱਖ-2 ਉਪ ਮੰਡਲਾਂ ਪੱਖੋਵਾਲ, ਨਾਰੰਗਵਾਲ ਅਤੇ ਲਲਤੋਂ ਕਲਾਂ ਦੇ ਬਿਜਲੀ ਕਾਮਿਆਂ ਨੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਇਕਬਾਲ ਸਿੰਘ ਅਤੇ ਸਰਕਲ ਸਕੱਤਰ ਜ਼ਮੀਰ ਹੁਸੈਨ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਰਾਜ ਸਰਕਾਰ ਵੱਲੋਂ ਸਾਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਮੀਨਾਂ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਲਈ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਜਬਰੀ ਘਰਾਂ ਦੇ ਅੰਦਰ ਤਾੜ ਕੇ ਤਿੰਨ ਵਿਵਾਦਤ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ।