ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਦਸੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਇਨਕਲਾਬੀ ਕੇਂਦਰ ਪੰਜਾਬ ਦਾ ਜਥਾ ਰਵਾਨਾ ਹੋਇਆ। ਸਥਾਨਕ ਗਦਰੀ ਬਾਬਾ ਭਾਨ ਸਿੰਘ ਸੁਨੇਤ ਤੋਂ ਗਏ ਇਸ ਜਥੇ ’ਚ 20 ਮੈਂਬਰ ਸ਼ਾਮਲ ਸਨ। ਇਸ ਜੱਥੇ ਦੀ ਅਗਵਾਈ ਕਰਦੇ ਸੂਬਾ ਆਗੂ ਕੰਵਲਜੀਤ ਖੰਨਾ, ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ, ਸਤਨਾਮ ਸਿੰਘ, ਹਰਦੇਵ ਸਿੰਘ ਅਤੇ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੱਡੇ ਪੂੰਜੀਪਤੀਆਂ ਨੂੰ ਲਾਹਾ ਦੇਣ ਦੇ ਮਕਸਦ ਨਾਲ ਹੀ ਇਹ ਖੇਤੀ ਕਾਨੂੰਨ ਲਿਆਂਦੇ ਗਏ ਹਨ। ਇਨ੍ਹਾਂ ਆਗੂਆਂ ਨੇ ਹੋਰਾਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ’ਤੇ ਬਿੱਲਾਂ ਨੂੰ ਰੱਦ ਕਰਨ ਦਾ ਦਬਾਅ ਵਧਾਉਣ ਲਈ ਇਸ ਸੰਘਰਸ਼ ਦੀ ਵੱਧ ਤੋਂ ਵੱਧ ਹਮਾਇਤ ਕਰਨ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਹਲਕਾ ਇੰਚਾਰਜ ਸੁਖਵੰਤ ਸਿਘ ਟਿੱਲੂ ਦੀ ਅਗਵਾਈ ਹੇਠਾਂ ਪਿੰਡ ਗਲਵੱਡੀ ਤੋਂ ਕਿਸਾਨਾਂ ਦਾ ਇਕ ਜਥਾ ਦਿੱਲੀ ਰਵਾਨਾ ਹੋਇਆ। ਟਿੱਲੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੀਬੀ ਇੰਦਰਜੀਤ ਕੌਰ ਪੰਧੇਰ ਦੀ ਅਗਵਾਈ ਹੇਠਾਂ ਬੀਬੀਆਂ ਦਾ ਇਕ ਜਥਾ ਦਿੱਲੀ ਰਵਾਨਾ ਹੋਵੇਗਾ। ਇਸ ਮੌਕੇ ਗੁਰਮੀਤ ਸਿੰਘ, ਗੁਰਵਿੰਦਰ ਸਿੰਘ ਲਾਡੀ, ਸਤਨਾਮ ਸਿੰਘ, ਨਰਿੰਦਰ ਸਿੰਘ ਪੰਨੂੰ, ਅਰਵਿੰਦਰ ਸਿੰਘ ਟਿਵਾਣਾ, ਜਗਜੀਤ ਸਿੰਘ, ਗੁਰਸ਼ਰਨ ਸਿੰਘ, ਗੁਰਜੀਤ ਸਿੰਘ, ਪ੍ਰੀਤਮ ਗਿੱਲ, ਵਾਰਿਸ਼ਦੀਪ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ਦੀ ਜਿੱਤ ਲਈ ਹਵਨ ਕਰਵਾਇਆ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਦਿੱਲੀ ਘੇਰ ਕੇ ਬੈਠੇ ਕਿਸਾਨਾਂ ਦੀ ਜਿੱਤ ਲਈ ਚਾਰੋਂ ਪਾਸੇ ਅਰਦਾਸਾਂ ਹੋ ਰਹੀਆਂ ਹਨ। ਇਸੇ ਤਹਿਤ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ‘ਮਾਂ ਬੰਗਲਾ ਮੁਖੀ ਧਾਮ’ ਵਿਚ ਧਰਨੇ ’ਤੇ ਬੈਠੇ ਕਿਸਾਨਾਂ ਦੀ ਜਿੱਤ ਲਈ ਹਵਨ ਯੱਗ ਕੀਤਾ ਗਿਆ। ਇਹ ਹਵਨ ਵੀਰਵਾਰ ਰਾਤ ਨੂੰ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ’ਚ ਯੋਗੀ ਸੱਤਿਆਨਾਥ ਦੀ ਅਗਵਾਈ ’ਚ ਕੀਤਾ ਗਿਆ। ਜਿਸ ’ਚ ਕਈ ਲੋਕ ਸ਼ਾਮਲ ਹੋਏ। ਮਾਂ ਬਗਲਾਮੁਖੀ ਧਾਮ ਦੇ ਪ੍ਰਮੁੱਖ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਹਵਨ ਯੱਗ ਰਾਹੀਂ ਮਾਂ ਬਗਲਾਮੁੱਖੀ ਅੱਗੇ ਕਿਸਾਨਾਂ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ ਹੈ।
ਸੰਘਰਸ਼ੀ ਲੋਕਾਂ ਲਈ ਗਰਮ ਕੱਪੜੇ ਭੇਜੇ
ਰਾਏਕੋਟ (ਪੱਤਰ ਪ੍ਰੇਰਕ): ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਦੇਸ਼ ਤੋਂ ਬਾਹਰ ਰਹਿੰਦੇ ਲੋਕ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਅੱਜ ਪਿੰਡ ਜਲਾਲਦੀਵਾਲ ਤੋਂ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕੋਟੀਆਂ, ਜੁਰਾਬਾਂ ਤੇ ਲੋਈਆਂ ਦਿੱਲੀ ਵਿੱਚ ਸੰਘਰਸ਼ ਕਰ ਰਹੇ ਲੋਕਾਂ ਲਈ ਭੇਜੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਜਲਾਲਦੀਵਾਲ ਅਤੇ ਕਬੱਡੀ ਖਿਡਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਬਾਰਡਰ ’ਤੇ ਬੈਠੇ ਕਿਸਾਨਾਂ ਲਈ ਗਰਮ ਕੱਪੜੇ ਭੇਜੇ ਗਏ ਹਨ। ਇਸ ਮੌਕੇ ਮਾਸਟਰ ਫਕੀਰ ਚੰਦ ਦੱਧਾਹੂਰ, ਰਣਧੀਰ ਸਿੰਘ ਢੇਸੀ, ਹਰਦੇਵ ਸਿੰਘ, ਹਰਪ੍ਰੀਤ ਸਿੰਘ, ਬੇਅੰਤ ਸਿੰਘ, ਬਾਵਾ ਰਾਏਕੋਟ, ਨਵਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।