ਪੱਤਰ ਪੇ੍ਰਕ
ਮਾਛੀਵਾੜਾ, 18 ਨਵੰਬਰ
ਕਣਕ ਦੀ ਬਿਜਾਈ ਲਈ ਪੰਜਾਬ ਦੇ ਕਿਸਾਨ ਯੂਰੀਆ ਖਾਦ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਉੱਪਰੋਂ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਅਧਿਕਾਰੀਆਂ ਦੇ ਮੋਬਾਈਲ ਨੰਬਰਾਂ ਦੀ ਸੂਚੀ ਜਾਰੀ ਕਰ ਦਾਅਵਾ ਕੀਤਾ ਕਿ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ ਨਾਲ ਖਾਦ ਮਿਲੇਗੀ ਜੋ ਕਿਸਾਨਾਂ ਨਾਲ ਇੱਕ ਕੋਝਾ ਮਜ਼ਾਕ ਸਾਬਤ ਹੋਇਆ। ਸੋਸ਼ਲ ਮੀਡੀਆ ’ਤੇ ਕਿਸੇ ਸ਼ਰਾਰਤੀ ਅਨਸਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲ ਸਬੰਧਿਤ ਵੱਖ-ਵੱਖ ਖੇਤੀਬਾੜੀ ਅਧਿਕਾਰੀਆਂ ਦੇ ਨਾਮ ’ਤੇ ਉਨ੍ਹਾਂ ਦੇ ਨੰਬਰਾਂ ਦੀ ਸੂਚੀ ਜਾਰੀ ਕਰ ਇਹ ਲਿਖਿਆ ਕਿ ਯੂਰੀਆ ਖਾਦ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਪੀ.ਏ.ਯੂ. ਲੁਧਿਆਣਾ ਵਲੋਂ ਕੁਝ ਅਧਿਕਾਰੀ ਤਾਇਨਾਤ ਕੀਤੇ ਗਏ ਹਨ, ਜੋ ਕਿਸਾਨਾਂ ਨੂੰ ਪੁਰਾਣੇ ਰੇਟ ’ਤੇ ਖਾਦ ਉਪਲੱਬਧ ਕਰਵਾਉਣਗੇ। ਇਸ ਫ਼ਰਜ਼ੀ ਲਿਸਟ ’ਚ ਇਹ ਵੀ ਲਿਖਿਆ ਗਿਆ ਕਿ ਕਿਸਾਨ ਆਪਣੇ ਜ਼ਿਲ੍ਹੇ ਨਾਲ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰਕੇ ਖਾਦ ਬੁੱਕ ਕਰਵਾਉਣ ਅਤੇ ਫਿਰ ਤੈਅ ਕੀਤੀ ਗਈ ਮਿਤੀ ’ਤੇ ਇਹ ਉਨ੍ਹਾਂ ਨੂੰ ਮਿਲ ਜਾਵੇਗੀ। ਸੋਸ਼ਲ ਮੀਡੀਆ ’ਤੇ ਜਦੋਂ ਯੂਰੀਆ ਖਾਦ ਮਿਲਣ ਵਾਲੀ ਸੂਚੀ ਜਾਰੀ ਹੋਈ ਤਾਂ ਕਿਸਾਨਾਂ ਵਲੋਂ ਧੜਾਧੜ ਫੋਨ ਮਿਲਾਉਣੇ ਸ਼ੁਰੂ ਕਰ ਦਿੱਤੇ ਗਏ, ਪਰ ਅੱਗੋਂ ਇਹ ਨੰਬਰ ਫ਼ਰਜ਼ੀ ਨਿਕਲੇ ਕਿਉਂਕਿ ਇਹ ਕਿਸੇ ਖੇਤੀਬਾੜੀ ਅਧਿਕਾਰੀ ਦੇ ਨਹੀਂ ਬਲਕਿ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਆਮ ਲੋਕਾਂ ਦੇ ਸਨ।
ਕਿਸਾਨਾਂ ਵਲੋਂ ਖਾਦ ਲਈ ਫੋਨ ਕਰਨ ’ਤੇ ਇਨ੍ਹਾਂ ਨੰਬਰਾਂ ਨਾਲ ਸਬੰਧਿਤ ਵਿਅਕਤੀਆਂ ਨੇ ਪ੍ਰੇਸ਼ਾਨ ਹੋ ਕੇ ਆਪਣੇ ਮੋਬਾਈਲਾਂ ਨੂੰ ਬੰਦ ਕਰ ਦਿੱਤਾ। ਹੋਰ ਤਾਂ ਹੋਰ ਸੋਸ਼ਲ ਮੀਡੀਆ ’ਤੇ ਜਾਰੀ ਫ਼ਰਜ਼ੀ ਸੂਚੀ ਵਿਚ ਚੰਡੀਗੜ੍ਹ ਦੇ ਖੇਤੀਬਾੜੀ ਸਕੱਤਰ ਦਾ ਫੋਨ ਨੰਬਰ ਤੇ ਉਸ ਦੀ ਈਮੇਲ ਆਈ.ਡੀ. ਵੀ ਜਾਰੀ ਕੀਤੀ ਹੋਈ ਸੀ। ਦੱਸਣਯੋਗ ਹੈ ਕਿ ਪੰਜਾਬ ’ਚ ਮਾਲ ਗੱਡੀਆਂ ਬੰਦ ਹੋਣ ਕਾਰਨ ਯੂਰੀਆ ਖਾਦ ਦੀ ਸਪਲਾਈ ਨਹੀਂ ਆ ਰਹੀ ਅਤੇ ਕਿਸਾਨ ਪ੍ਰੇਸ਼ਾਨ ਹਨ ਕਿ ਕਿਉਂਕਿ ਉਨ੍ਹਾਂ ਦੀ ਕਣਕ ਬਿਜਾਈ ਪੱਛੜ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ’ਤੇ ਵੀ ਕਿਸਾਨਾਂ ਨੂੰ ਯੂਰੀਆ ਨਹੀਂ ਮਿਲ ਰਿਹਾ ਅਤੇ ਕਈ ਖਾਦ ਵਿਕ੍ਰੇਤਾ ਜਿਨ੍ਹਾਂ ਕੋਲ ਯੂਰੀਆ ਪਿਆ ਹੈ ਉਹ ਮਹਿੰਗੇ ਭਾਅ ਕਿਸਾਨਾਂ ਨੂੰ ਵੇਚ ਰਹੇ ਹਨ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਜਦੋਂ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਨਰਿੰਦਰ ਸਿੰਘ ਬੈਨੀਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਰੀਆ ਖਾਦ ਮਿਲਣ ਦਾ ਦਾਅਵਾ ਕਰਨ ਵਾਲੀ ਜੋ ਸੋਸ਼ਲ ਮੀਡੀਆ ’ਤੇ ਸੂਚੀ ਪਾਈ ਗਈ ਹੈ ਉਹ ਬਿਲਕੁਲ ਫ਼ਰਜ਼ੀ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਪੰਜਾਬ ’ਚ ਨਾ ਆਉਣ ਕਾਰਨ ਯੂਰੀਆ ਸਪਲਾਈ ’ਚ ਵਿਘਨ ਪਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਖੇਤੀਬਾੜੀ ਅਫ਼ਸਰ ਅਨੁਸਾਰ ਸੋਸ਼ਲ ਮੀਡੀਆ ’ਤੇ ਪਾਈ ਗਈ ਫ਼ਰਜ਼ੀ ਸੂਚੀ ਦਾ ਮਾਮਲਾ ਉਨ੍ਹਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ।