ਜੋਗਿੰਦਰ ਸਿੰਘ ਉਬਰਾਏ
ਖੰਨਾ, 28 ਜੁਲਾਈ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਮੀਤ ਪ੍ਰਧਾਨ ਜਸਵੰਤ ਸਿੰਘ ਬੀਜਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ 362 ਸੁਸਾਇਟੀਆਂ ਵਿਚੋਂ 61 ਸਭਾਵਾਂ ਵਿੱਚ ਯੂਰੀਏ ਦੀ ਘਾਟ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਕਤ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨਾਲ ਫ਼ੋਨ ’ਤੇ ਗੱਲ ਵੀ ਕੀਤੀ ਗਈ ਪਰ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਯੂਰੀਆ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਆਰੰਭਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਰੋਨਾ ਕਾਰਨ ਪਹਿਲਾਂ ਹੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਤੇ ਬੇ-ਮੌਸਮੀ ਵਰਖ਼ਾ ਕਾਰਨ ਮੱਕੀ ਅਤੇ ਸਬਜ਼ੀਆਂ ਦੇ ਭਾਅ ਬੁਰੀ ਤਰ੍ਹਾਂ ਡਿੱਗ ਗਏ, ਜਿਸ ਕਾਰਨ ਕਿਸਾਨਾਂ ਦਾ ਵਿੱਤੀ ਨੁਕਸਾਨ ਵੀ ਹੋਇਆ।
ਕੇਂਦਰ ਸਰਕਾਰ ਨਿੱਤ ਨਵੇਂ ਆਰਡੀਨੈਂਸ ਲਾਗੂ ਕਰਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ ਤੇ ਹੁਣ ਜਦੋਂ ਝੋਨੇ/ਬਾਸਮਤੀ ਦੀ ਫ਼ਸਲ ਨੂੰ ਯੂਰੀਆ ਖ਼ਾਦ ਦੀ ਲੋੜ ਹੈ ਉਸ ਸਮੇਂ ਯੂਰੀਆ ਉਪਲੱਬਧ ਨਾ ਕਰਵਾਉਣਾ ਸਰਕਾਰ ਦੀ ਨਾਲਾਇਕੀ ਨੂੰ ਸਿੱਧ ਕਰਦਾ ਹੈ। ਯੂਰੀਆ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ ਹਨ ਅਤੇ ਡੀਲਰਾਂ/ਸਭਾਵਾਂ ਦੇ ਗੇੜੇ ਮਾਰ ਰਹੇ ਹਨ, ਜੇਕਰ ਝੋਨੇ ‘ਚ ਯੂਰੀਆ ਸਮੇਂ ਸਿਰ ਨਾ ਪਾਇਆ ਤਾਂ ਝਾੜ ਤੇ ਮਾੜਾ ਅਸਰ ਪੈਣ ਦਾ ਵੀ ਖ਼ਦਸ਼ਾ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ ਸਮੱਸਿਆ ਵੱਲ ਧਿਆਨ ਦੇਵੇ ਤਾਂ ਜੋ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਯੂਰੀਏ ਦੀ ਘਾਟ ਕਾਰਨ ਕਾਫ਼ੀ ਪ੍ਰੇਸ਼ਾਨ ਹਨ, ਇਸ ਲਈ ਉਨ੍ਹਾਂ ਨੂੰ ਯੂਰੀਆ ਛੇਤੀ ਮੁਹੱਈਆ ਕਰਵਾਇਆ ਜਾਵੇ।