ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਜਨਵਰੀ
ਯੂਰੀਆ ਖਾਦ ਦੀ ਕਿੱਲਤ ਕਈ ਰੋਸ ਮੁਜ਼ਾਹਰਿਆਂ ਤੇ ਮੰਗ-ਪੱਤਰ ਦੇਣ ਦੇ ਬਾਵਜੂਦ ਦੂਰ ਨਾ ਹੋਣ ਦੇ ਰੋਸ ਵਜੋਂ ਅੱਜ ਇੱਥੇ ਕਿਸਾਨਾਂ ਨੇ ਸਬ ਡਵੀਜ਼ਨਲ ਮੈਜਿਸਟਰੇਟ ਦਾ ਦਫ਼ਤਰ ਘੇਰ ਲਿਆ। ਰੋਸ ਮਾਰਚ ਕਰਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਇਹ ਘਿਰਾਓ ਕੀਤਾ ਗਿਆ। ਇਸ ਮੌਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਵਾਂਗ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋ ਰਹੇ। ਇਥੋਂ ਤੱਕ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਤੋਂ ਲੈ ਕੇ ਨੌਕਰੀ ਦੇਣ ਤੱਕ ’ਚ ਸਰਕਾਰ ਬੇਰੁਖੀ ਦਿਖਾ ਰਹੀ ਹੈ। ਕਿਸਾਨ ਨੁਮਾਇੰਦੇ ਸਥਾਨਕ ਬੱਸ ਅੱਡੇ ਦੇ ਬਾਹਰ ਇਕੱਤਰ ਹੋਏ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ’ਚ ਰੋਸ ਮਾਰਚ ਕਰਦੇ ਹੋਏ ਐੱਸਡੀਐੱਮ ਦਫ਼ਤਰ ਤੱਕ ਪਹੁੰਚੇ। ਇਸ ਦਫ਼ਤਰ ਅੱਗੇ ਲੰਮਾ ਸਮਾਂ ਧਰਨਾ ਦੇ ਕੇ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ’ਚੋਂ ਇਕੱਤਰ ਹੋਏ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕਿਸਾਨ ਦੀਆਂ ਸਹਿਕਾਰੀ ਸੁਸਾਇਟੀਆਂ ਲਈ ਯੂਰੀਆ ਖਾਦ ਦੀ ਸਪਲਾਈ ਦੀ ਮਾਤਰਾ 80 ਫ਼ੀਸਦੀ ਕੀਤੀ ਜਾਵੇ। ਖਾਦ ਡੀਲਰਾਂ ਵੱਲੋਂ ਯੂਰੀਆ ਦੀ ਖਰੀਦ ਸਮੇਂ ਕਿਸਾਨਾਂ ਨੂੰ ਹੋਰ ਫਾਲਤੂ ਸਮਾਨ ਖਰੀਦਣ ਲਈ ਮਜਬੂਰ ਕਰਨ ਤੋਂ ਰੋਕਿਆ ਜਾਵੇ ਅਤੇ ਮਹਿੰਗੇ ਭਾਅ ਵੇਚਣ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਦਿਨਾਂ ’ਚ ਹੋਈ ਬਾਰਿਸ਼ ਨਾਲ ਕਿਸਾਨਾਂ ਦੀ ਕਣਕ, ਆਲੂ ਤੇ ਸਬਜ਼ੀਆਂ ਦੀ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਉਪ ਮੰਡਲ ਅਧਿਕਾਰੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਕੋਈ ਅਮਲ ਨਹੀਂ ਹੋਇਆ। ਧਰਨਾਕਾਰੀਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਲੰਮਾਂ ਸਮਾਂ ਲੰਘ ਜਾਣ ਦੇ ਬਾਵਜੂਦ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਯੋਗਤਾ ਮੁਤਾਬਕ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਇਲਾਕੇ ਭਰ ’ਚ ਅਵਾਰਾ ਪਸ਼ੂਆਂ ਵੱਲੋਂ ਖੇਤਾਂ ’ਚ ਫ਼ਸਲਾਂ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਰੋਕਣ ਲਈ ਯੋਜਨਾਬੱਧ ਢੰਗ ਨਾਲ ਨੱਥ ਪਾਈ ਜਾਵੇ। ਧਰਨੇ ਨੂੰ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਗੁਰਪ੍ਰੀਤ ਸਿੰਘ ਸਿਧਵਾਂ, ਕੰਵਲਜੀਤ ਖੰਨਾ ਨੇ ਸੰਬੋਧਨ ਕੀਤਾ। ਇਸ ਸਮੇਂ 21 ਜਨਵਰੀ ਦੀ ਬਰਨਾਲਾ ਵਿੱਚ ਕਿਸਾਨਾਂ ਦੀ ਜੂਝਾਰ ਰੈਲੀ ’ਚ ਪੰਹੁਚਣ ਦੀ ਅਪੀਲ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਦੀ ਹਕੂਮਤ ਦੀ ਵਾਅਦਾਖ਼ਿਲਾਫ਼ੀ ਵਿਰੁੱਧ 31 ਜਨਵਰੀ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਗਿਆ।