ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਜੁਲਾਈ
ਇਥੋਂ ਦੀਆਂ ਸੱਤ ਵਿੱਦਿਅਕ ਸੰਸਥਾਵਾਂ ਚਲਾਉਣ ਵਾਲੀ ਏਐੱਸ ਮੈਨੇਜਮੈਂਟ ਦੀ ਬਜਟ ਮੀਟਿੰਗ ਵਿਚ ਭਾਰੀ ਹੰਗਾਮਾ ਹੋਇਆ। ਪਿਛਲੇ ਕਈ ਦਿਨਾਂ ਤੋਂ ਸੱਤਾਧਾਰੀ ਕਾਂਗਰਸ ਪੈਨਲ ਤੇ ਵਿਰੋਧੀ ਭਾਜਪਾ ਪੈਨਲ ਦੀ ਤਕਰਾਰ ਅੱਜ ਝੜਪ ਵਿਚ ਬਦਲ ਗਈ ਤੇ ਬੈਠਕ ਦਾ ਬਾਈਕਾਟ ਕਰਦਿਆਂ ਵਿਰੋਧੀ ਪੱਖ ਦੇ 9 ਮੈਬਰਾਂ ਨੇ ਏਐੱਸ ਸੀਨੀਅਰ ਸੈਕੰਡਰੀ ਸਕੂਲ ਦੇ ਮੇਨ ਗੇਟ ਅੱਗੇ ਧਰਨਾ ਲਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਮੀਟਿੰਗ ਦੌਰਾਨ ਦੋਵੇਂ ਗੁੱਟ ਇਕ ਦੂਜੇ ’ਤੇ ਮਰਿਆਦਾ ਭੰਗ ਕਰਨ ਦੇ ਗੰਭੀਰ ਦੋਸ਼ ਲਾਉਂਦੇ ਨਜ਼ਰ ਆਏ। ਭਾਜਪਾ ਧੜੇ ਦੇ ਸਾਬਕਾ ਸਕੱਤਰ ਰਜਨੀਸ਼ ਬੇਦੀ ਨੇ ਕਿਹਾ ਕਿ ਜੇਕਰ ਸੰਸਥਾ ਦੇ ਹਿੱਤ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਖਿਲਾਫ਼ ਮਤਾ ਨਿੱਜੀ ਤੌਰ ’ਤੇ ਪਾਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲ ਦੀ ਕਰੋਨਾ ਕਾਲ ਤੋਂ ਪਹਿਲਾਂ ਦੀ 1.62 ਕਰੋੜ ਰੁਪਏ ਫ਼ੀਸ ਬਾਕੀ ਹੈ। ਐੱਮਜੀ ਚੌਪੜਾ ਤੇ ਏਐੱਸ ਵਿਮੈਨ ਕਾਲਜ ਵੀ ਘਾਟੇ ਵਿਚ ਹੈ, ਜਿੱਥੇ ਸਟਾਫ਼ ਦੀ ਫ਼ੀਸ ਨਹੀਂ ਦਿੱਤੀ ਜਾ ਰਹੀ ਅਤੇ ਘਾਟੇ ਦੇ ਬਾਵਜੂਦ ਬੀਐੱਡ ਕਾਲਜ ਦੇ ਪ੍ਰਿੰਸੀਪਲ ਦੀ ਨਿਯੁਕਤੀ ਕਰਕੇ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਣਾਏ ਸਕੂਲ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੇ ਸਾਥੀ ਰਾਜੇਸ਼ ਡਾਲੀ ਨੇ ਕਿਹਾ ਕਿ ਸਿਰਫ਼ ਵਿਧਾਨ ਸਭਾ ਨੂੰ ਦੇਖਦਿਆਂ ਫ਼ੈਸਲੇ ਲਏ ਜਾ ਰਹੇ ਹਨ। ਮਾਪਿਆਂ ਨੂੰ ਛਲਾਵਾ ਦਿੱਤਾ ਜਾ ਰਿਹਾ ਹੈ ਕਿ ਫੀਸ ਨਹੀਂ ਲਈ ਜਾਵੇਗੀ, ਜਦੋਂ ਕਿ ਚੋਣਾਂ ਉਪਰੰਤ ਨੋਟਿਸ ਭੇਜੇ ਜਾਣਗੇ। ਅਜੈ ਸੂਦ ਨੇ ਕਿਹਾ ਕਿ ਕਾਂਗਰਸ ਪੱਖੀ ਗਰੁੱਪ ਹਾਈਕਮਾਨ ਦੇ ਇਸ਼ਾਰੇ ’ਤੇ ਗਲਤ ਫ਼ੈਸਲੇ ਕਰ ਰਿਹਾ ਹੈ, ਸੰਸਥਾ ਘਾਟੇ ਵਿਚ ਜਾ ਰਹੀ ਹੈ ਤੇ ਖਰਚੇ ਵੱਧ ਰਹੇ ਹਨ।
ਕਾਂਗਰਸੀ ਧੜੇ ਦਾ ਪੱਖ
ਦੂਜੇ ਪਾਸੇ ਮੈਨੇਜਮੈਂਟ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਵਿਰੋਧੀ ਪੱਖ ਗਲਤ ਫ਼ੈਸਲਿਆਂ ਦਾ ਇਲਜ਼ਾਮ ਲਾ ਕੇ ਸਿਰਫ਼ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਲਜ ਪ੍ਰਿੰਸੀਪਲ ਦੀ ਨਿਯੁਕਤੀ ਯੂਨੀਵਰਸਿਟੀ ਦੇ ਆਦੇਸ਼ ’ਤੇ ਕੀਤੀ ਗਈ ਹੈ, ਜੇਕਰ ਨਹੀਂ ਕਰਦੇ ਤਾਂ ਮਾਨਤਾ ਰੱਦ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੈਂਡਿੰਗ ਫੀਸ ਆ ਰਹੀ ਹੈ ਅਤੇ ਇਸ ਤੋੋਂ ਇਲਾਵਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਨਗਰ ਕੌਂਸਲ ਵੱਲੋਂ ਲਗਾਤਰ ਗਰਾਂਟ ਦਿੱਤੀ ਜਾ ਰਹੀ ਹੈ।