ਪੱਤਰ ਪ੍ਰੇਰਕ
ਦੋਰਾਹਾ, 17 ਅਗਸਤ
ਇੱਥੇ ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਮੈਬਰਾਂ ਦੀ ਇਕੱਤਰਤਾ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ੋਰਾ ਸਿੰਘ, ਪ੍ਰੇਮ ਸਿੰਘ ਭੰਗੂ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਮਐਸਪੀ ਨਿਰਧਾਰਤ ਕਰਨ ਲਈ ਬਣਾਈ ਇੱਕਪਾਸੜ ਕਮੇਟੀ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਰੱਦ ਕਰਦਿਆਂ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਕੇ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਇੱਕ ਮਤੇ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਾਜਪੁਰਾ ਦੀ ਸੀਲ ਕੈਮੀਕਲ ਫੈਕਟਰੀ ਵੱਲੋਂ ਐਕੁਆਇਰ ਕੀਤੀ ਜ਼ਮੀਨ ਵਿੱਚੋਂ ਅਣਵਰਤੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ। ਲੰਪੀ ਸਕਿਨ ਦਾ ਜੰਗੀ ਪੱਧਰ ’ਤੇ ਇਲਾਜ ਅਤੇ ਮਰੇ ਪਸ਼ੂਆਂ ਨੂੰ ਚੁੱਕਵਾਉਣ ਦਾ ਪ੍ਰਬੰਧ ਕੀਤਾ ਜਾਵੇ। ਬਿਜਲੀ ਸੋਧ ਬਿੱਲ-2022 ਵਾਪਸ ਲਿਆ ਜਾਵੇ, ਗੰਨਾ ਕਾਸ਼ਤਕਾਰਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ ਆਦਿ।
ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ 19 ਅਗਸਤ ਨੂੰ ਚੰਡੀਗੜ੍ਹ ਵਿਚ ਹੋ ਰਹੀ ਮੀਟਿੰਗ ਵਿਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਪਵਨ ਕੁਮਾਰ ਕੌਸ਼ਲ, ਇਕਬਾਲ ਸਿੰਘ, ਪਵਨ ਕੁਮਾਰ, ਪ੍ਰੇਮ ਸਿੰਘ, ਸਾਹਿਬ ਸਿੰਘ ਆਦਿ ਨੇ ਵਿਚਾਰ ਰੱਖੇ।